ਪੀਏਯੂ ਦੇ ਡਾ.ਪਰਵੀਨ ਛੁਨੇਜਾ ਆਈ ਐਨ ਐੱਸ ਏ ਫੈਲੋਸ਼ਿਪ ਜਿੱਤਣ ਵਾਲੇ ਪਹਿਲੇ ਔਰਤ ਵਿਗਿਆਨੀ ਬਣੇ

ਲੁਧਿਆਣਾ 4 ਅਕਤੂਬਰ, 2024 : ਪੀ.ਏ.ਯੂ. ਦੇ ਡਾ ਪਰਵੀਨ ਛੁਨੇਜਾ ਨੇ ਬੀਤੇ ਦਿਨੀਂ ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ ਦੀ ਵੱਕਾਰੀ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਹਾਸਿਲ ਕਰਨ ਵਾਲੇ ਉਹ ਯੂਨੀਵਰਸਿਟੀ ਦੇ ਪਹਿਲੇ ਔਰਤ ਵਿਗਿਆਨੀ ਬਣੇ ਹਨ। ਇਹ ਸਨਮਾਨ ਖੇਤੀ ਬਾਇਓਤਕਨੋਲੋਜੀ ਦੇ ਖੇਤਰ ਵਿੱਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਲਈ ਪ੍ਰਦਾਨ ਕੀਤਾ ਗਿਆ ਹੈ। ਇਹ ਪ੍ਰਾਪਤੀ ਡਾ ਛੁਨੇਜਾ ਵਲੋਂ ਕੀਤੀਆਂ ਸ਼ਾਨਦਾਰ ਪ੍ਰਾਪਤੀਆਂ ਦੀ ਸੂਚੀ ਨੂੰ ਹੋਰ ਭਰਪੂਰ ਬਣਾਉਂਦੀ ਹੈ। ਉਨ੍ਹਾਂ ਨੂੰ ਭਾਰਤ ਦੀਆਂ ਤਿੰਨ ਪ੍ਰਮੁੱਖ ਵਿਗਿਆਨਕ ਅਕੈਡਮੀਆਂ ਤੋਂ ਫੈਲੋਸ਼ਿਪਸ ਮਿਲੀ ਹੈ। ਇਨ੍ਹਾਂ ਵਿਚ ਨੈਸ਼ਨਲ ਅਕੈਡਮੀ ਆਫ਼ ਐਗਰੀਕਲਚਰਲ ਸਾਇੰਸਜ਼ ਅਤੇ ਨੈਸ਼ਨਲ ਅਕੈਡਮੀ ਆਫ਼ ਸਾਇੰਸਿਜ਼, ਭਾਰਤ ਪ੍ਰਮੁੱਖ ਹਨ। ਇਹ ਪ੍ਰਾਪਤੀ ਹਾਸਿਲ ਕਰਨ ਵਾਲੇ ਉਹ ਮੌਜੂਦਾ ਵਿਗਿਆਨੀਆਂ ਵਿਚੋਂ ਇਕਮਾਤਰ ਨਾਂ ਹਨ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਸਿਰਫ ਤਿੰਨ ਸਾਲਾਂ ਵਿੱਚ ਹੀ ਉਨ੍ਹਾਂ ਨੂੰ ਇਹ ਤਿੰਨ ਸਤਿਕਾਰਤ ਫੈਲੋਸ਼ਿਪਾਂ ਨੂੰ ਹਾਸਲ ਹੋਈਆਂ ਹਨ। ਡਾ: ਛੁਨੇਜਾ ਨੂੰ ਕਣਕ ਦੀ ਖੋਜ ਲਈ ਉਨ੍ਹਾਂ ਵੱਲੋਂ ਕੀਤੇ ਕਾਰਜ ਵਾਸਤੇ ਰਾਸ਼ਟਰੀ ਅਤੇ ਰਾਸ਼ਟਰੀ ਪੱਧਰ 'ਤੇ ਕਈ ਸੰਸਥਾਵਾਂ ਕੋਲੋਂ ਮਾਨਤਾ ਹਾਸਿਲ ਹੋਈ ਹੈ। ਅੰਤਰਰਾਸ਼ਟਰੀ ਪੱਧਰ ਤੇ ਉਨ੍ਹਾਂ ਨੂੰ ਉੱਘੇ ਕੰਮ ਲਈ ਜੀਨ ਸਟੀਵਰਡਸ਼ਿਪ ਟੀਮ ਐਵਾਰਡ ਅਤੇ ਜੀਨੀ ਬੋਰਲੌਗ ਲੌਬੇ ਵੂਮੈਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਰਾਸ਼ਟਰੀ ਪੱਧਰ ਤੇ ਡਾ: ਦਰਸ਼ਨ ਸਿੰਘ ਬਰਾੜ ਐਵਾਰਡ ਅਤੇ ਇੰਡੀਅਨ ਕੌਂਸਲ ਆਫ਼ ਐਗਰੀਕਲਚਰਲ ਦੁਆਰਾ ਵਿਲੱਖਣ ਮਹਿਲਾ ਵਿਗਿਆਨੀ ਪੁਰਸਕਾਰ ਹਾਸਿਲ ਹੋਏ। ਪੀ.ਏ.ਯੂ ਨੇ ਉਨ੍ਹਾਂ ਨੂੰ ਡਾਕਟਰ ਗੁਰਦੇਵ ਸਿੰਘ ਖੁਸ਼ ਵਿਸ਼ੇਸ਼ਤਾ ਪ੍ਰੋਫੈਸਰ ਪੁਰਸਕਾਰ ਨਾਲ ਨਿਵਾਜ਼ਿਆ। ਪੀਏਯੂ ਦੇ ਵਾਈਸ ਚਾਂਸਲਰ ਡਾ: ਸਤਿਬੀਰ ਸਿੰਘ ਗੋਸਲ ਅਤੇ ਨਿਰਦੇਸ਼ਕ ਖੋਜ ਡਾ: ਅਜਮੇਰ ਢੱਟ ਨੇ ਡਾ: ਛੁਨੇਜਾ ਨੂੰ ਉਨ੍ਹਾਂ ਦੀ ਜ਼ਿਕਰਯੋਗ ਪ੍ਰਾਪਤੀ 'ਤੇ ਵਧਾਈ ਦਿੱਤੀ।