ਡਾਕਟਰ ਮਨਿੰਦਰ ਪਾਲ ਸਿੰਘ  ਨੇ ਸਿਵਲ ਸਰਜਨ ਫਰੀਦਕੋਟ ਦਾ ਅਹੁਦਾ ਸੰਭਾਲਿਆ

ਫ਼ਰੀਦਕੋਟ, 18 ਦਸੰਬਰ : ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਪਿਛਲੇ ਦਿਨੀਂ ਸੀਨੀਅਰ ਮੈਡੀਕਲ ਅਫਸਰਾਂ ਤਰੱਕੀ ਦੇਣ ਉਪਰੰਤ ਰਾਜ ਦੇ ਵੱਖ ਵੱਖ ਜਿਲ੍ਹਿਆਂ ਵਿੱਚ ਖਾਲੀ ਪਈਆਂ ਅਸਾਮੀਆਂ ਤੇ ਡਿਪਟੀ ਡਾਇਰੈਕਟਰ ਕਮ ਸਿਵਲ ਸਰਜਨ ਲਗਾਇਆ ਗਿਆ ਹੈ। ਲੈਪਰੋ ਸਰਜਰੀ ਦੇ ਮਾਹਰ ਡਾਕਟਰ ਮਨਿੰਦਰ ਪਾਲ ਸਿੰਘ ਨੂੰ ਫਰੀਦਕੋਟ ਜਿਲ੍ਹੇ ਦਾ ਸਿਵਲ ਸਰਜਨ ਲਗਾਇਆ ਗਿਆ ਹੈ। ਅੱਜ ਡਾ ਮਨਿੰਦਰ ਪਾਲ ਸਿੰਘ ਵੱਲੋਂ ਦਫਤਰ ਸਿਵਲ ਸਰਜਨ ਫਰੀਦਕੋਟ ਵਿਖੇ ਆਪਣਾ ਅਹੁਦਾ ਸੰਭਾਲਿਆ ਗਿਆ। ਦਫਤਰ ਸਿਵਲ ਸਰਜਨ ਦੇ ਸਮੂਹ ਸਟਾਫ਼ ਵਲੋਂ ਡਾ ਮਨਿੰਦਰ ਪਾਲ ਸਿੰਘ ਨੂੰ ਫੁੱਲਾਂ ਦਾ ਗੁੱਲਦਸਤਾ ਦੇ ਕੇ ਸਵਾਗਤ ਕੀਤਾ। ਡਾ ਮਨਿੰਦਰ ਪਾਲ ਸਿੰਘ ਇਸ ਤੋਂ ਪਹਿਲਾਂ ਸਿਵਲ ਹਸਪਤਾਲ ਬਠਿੰਡਾ ਅਤੇ ਰਾਮਾਂ ਮੰਡੀ ਵਿਖੇ ਵੀ ਸੀਨੀਅਰ ਮੈਡੀਕਲ ਅਫਸਰ ਦੇ ਅਹੁਦੇ ਤੇ ਸੇਵਾਵਾਂ ਨਿਭਾਈਆਂ। ਅੱਜ ਸਿਵਲ ਸਰਜਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਡਾਕਟਰ ਮਨਿੰਦਰ ਪਾਲ  ਨੇ ਕਿਹਾ ਕਿ ਸਾਰੇ ਸਰਕਾਰੀ ਪ੍ਰੋਗਰਾਮਾਂ ਨੂੰ ਇੰਨ-ਬਿੰਨ ਲਾਗੂ ਕਰਨਾ ਅਤੇ ਆਮ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣਾਂ ਜੀ ਮੇਰਾ ਮੁੱਖ ਮਕਸਦ ਹੈ। ਸਰਕਾਰੀ ਹਸਪਤਾਲਾਂ ਵਿੱਚ ਔਰਤ ਰੋਗੀਆਂ ਅਤੇ ਬੱਚਿਆਂ ਨੂੰ ਇਲਾਜ ਲਈ ਪਹਿਲ ਦਿੱਤੀ ਜਾਵੇਗੀ। ਫਰੀਦਕੋਟ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਇਲਾਜ ਕਰਾਉਣ ਆਏ ਮਰੀਜ਼ਾਂ ਨੂੰ ਆਪਣੇ ਪੱਲਿਓਂ ਪੈਸੇ ਖਰਚ ਨਾ ਕਰਨੇ ਪੈਣ, ਇਸ ਲਈ ਉਚੇਚੇ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਸਾਰੇ ਸਟਾਫ ਨੂੰ ਹਦਾਇਤ ਕੀਤੀ ਕਿ ਸਾਫ ਸੁਥਰਾ ਕੰਮ ਕੀਤਾ ਜਾਵੇ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ ਚੰਦਰ ਸ਼ੇਖਰ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ ਹਿਮਾਂਸ਼ੂ ਗੁਪਤਾ, ਡਾ ਵਿਸ਼ਵਦੀਪ, ਡਿਪਟੀ ਮਾਸ ਮੀਡੀਆ ਅਫ਼ਸਰ ਸੁਧੀਰ ਧੀਰ, ਸਹਾਇਕ ਕੰਟਰੋਲਰ ਫਾਈਨਾਂਸ ਸੁਮੀਤ ਸ਼ਰਮਾਂ, ਸੁਪਰਡੈਂਟ ਬਲਜੀਤ ਸਿੰਘ ਅਤੇ ਪਰਸ਼ੋਤਮ ਲਾਲ, ਰਮੇਸ਼ ਕੁਮਾਰ ਅਤੇ ਸਮੂਹ ਸਟਾਫ ਹਾਜਰ ਸਨ।