ਡਾ. ਕੁਲਜੀਤ ਸਿੰਘ ਗੋਸਲ ਨੇ 65 ਲੱਖ ਰੁਪਏ ਪੱਲਿਉਂ ਲਾ ਕੇ ਪ੍ਰਾਇਮਰੀ ਸਕੂਲ ਦੀ ਬਦਲੀ ਨੁਹਾਰ

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪੜ੍ਹੇ ਲਿਖੇ ਵਿਗਿਆਨੀ ਡਾ. ਕੁਲਜੀਤ ਸਿੰਘ ਗੋਸਲ ਨੂੰ ਆਸਟਰੇਲੀਆ ਦੇ ਸ਼ਹਿਰ ਸਿਡਨੀ ਚ ਵੱਸਦਿਆਂ ਵੀ ਆਪਣੇ ਜੱਦੀ ਪਿੰਡ ਨੜਾਂ ਵਾਲੀ ਬਲਾਕ ਕਲਾਨੌਰ (ਗੁਰਦਾਸਪੁਰ) ਦੀ ਮਿੱਟੀ ਰਾਤਾਂ ਨੂੰ ਸੌਣ ਨਹੀਂ ਦੇਂਦੀ। ਉਹ ਹਰ ਰੋਜ਼ ਸੁਪਨਿਆਂ ਵਿੱਚ ਨੜਾਂਵਾਲੀ ਪਿੰਡ ਦਾ ਫੇਰਾ ਮਾਰਦਾ ਹੈ। ਇਸੇ ਕਰਕੇ ਆਪਣੀ ਪਰਿਵਾਰਕ ਕਮਾਈ ਵਿੱਚੋਂ  ਲਗ ਪਗ ਡੇਢ ਕਰੋੜ ਰੁਪਏ ਖ਼ਰਚ ਕੇ ਪਹਿਲਾਂ ਪਿੰਡ ਦਾ ਪ੍ਰਾਇਮਰੀ ਸਕੂਲ  ਨਵੇਂ ਸਿਰਿਉਂ ਆਧੁਨਿਕ ਸਹੂਲਤਾਂ ਸਮੇਤ ਉਸਾਰ ਚੁਕਾ ਹੈ ਅਤੇ ਇਸ ਦੇ ਰੱਖ ਰਖਾਉ ਦਾ ਪ੍ਰਬੰਧ ਵੀ ਖ਼ੁਦ ਆਪਣੇ ਖ਼ਰਚੇ ਤੇ ਕਰ ਰਿਹਾ ਹੈ। ਇਸ ਕਾਰਜ ਲਈ ਉਸ ਦੀ ਜੀਵਨ ਸਾਥਣ ਮਨਦੀਪ ਕੌਰ  ਵੀ ਵੱਡੀ ਪ੍ਰੇਰਨਾ ਸਰੋਤ ਹੈ।
ਸਿਡਨੀ (ਆਸਟਰੇਲੀਆ) ਤੋਂ  ਟੈਲੀਫੋਨ ਤੇ ਡਾ. ਕੁਲਜੀਤ ਨੇ ਆਪਣੇ ਸ਼ੁਭ ਚਿੰਤਕ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਦੱਸਿਆ ਕਿ ਉਹ ਨਵੰਬਰ ਮਹੀਨੇ ਦੇ ਅੰਤ ਵਿੱਚ ਪੰਜਾਬ ਆ ਰਿਹਾ ਹੈ ਅਤੇ ਆਪਣੇ ਪਿੰਡ ਦੇ ਮਿਡਲ ਸਕੂਲ ਦਾ ਉਦਘਾਟਨ ਪੰਜਾਬ ਦੇ ਪਰਵਾਸੀ ਮਾਮਲਿਆਂ ਦੇ ਮੰਤਰੀ  ਸਃ ਕੁਲਦੀਪ ਸਿੰਘ ਧਾਲੀਵਾਲ ਤੋਂ ਦੋ ਦਸੰਬਰ ਨੂੰ ਕਰਵਾਏਗਾ। ਇਸ ਮਿਡਲ ਸਕੂਲ ਦੀ ਸੰਪੂਰਨ ਉਸਾਰੀ ਡਾ. ਕੁਲਜੀਤ ਸਿੰਘ ਗੋਸਲ(ਆਸਟਰੇਲੀਆ) ਨੇ ਲਗਪਗ 75 ਲੱਖ ਲਗਾ ਕੇ ਕਰਵਾਈ ਹੈ। ਉਹ ਆਸਟਰੇਲੀਆ ਜਾਣ ਤੋਂ ਪਹਿਲਾਂ ਇਸੇ ਪਿੰਡ ਦਾ ਵਸਨੀਕ ਸੀ ਤੇ ਇਸੇ ਸਕੂਲ ਵਿੱਚ ਪੜ੍ਹਿਆ ਹੈ। ਕੁਲਜੀਤ ਪਹਿਲਾਂ 65 ਲੱਖ ਰੁਪਏ ਪੱਲਿਉਂ  ਲਾ ਕੇ ਪ੍ਰਾਇਮਰੀ ਸਕੂਲ ਦੀ ਇਮਾਰਤ ਬਣਵਾ ਚੁਕਾ ਹੈ। ਉਸ ਦੀ ਇੱਕੋ ਇੱਛਾ ਹੈ ਕਿ ਸਕੂਲ ਅਪਗਰੇਡ ਹੋ ਕੇ ਹਾਈ ਸਕੂਲ ਬਣ ਜਾਵੇ।