ਡਾ. ਕੰਗ ਨੇ ਨਾਇਬ ਤਹਿਸੀਲਦਾਰ ਦਫਤਰ ਅਤੇ ਪਟਵਾਰ ਖਾਨੇ ਕੀਤੀ ਰੇਡ 

  • ਇੱਕ ਪਟਵਾਰੀ ਤੋਂ ਬਿਨਾ ਸੁੰਨ ਸਰਾਂ ਸੀ ਪਸਰੀ-ਡੀ.ਸੀ. ਅਤੇ ਐਸ ਡੀ ਐਮ ਨੂੰ ਕੀਤੀ ਸ਼ਿਕਾਇਤ

ਮੁੱਲਾਂਪੁਰ ਦਾਖਾ, 20 ਅਪਰੈਲ (ਸਤਵਿੰਦਰ  ਸਿੰਘ ਗਿੱਲ) : ਲੋਕਾਂ ਦੀ ਸ਼ਿਕਾਇਤਾਂ ਮਿਲਣ ’ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਡਾ. ਕੇ.ਐੱਨ.ਐੱਸ ਕੰਗ ਨੇ ਸਥਾਨਕ ਨਾਇਬ ਤਹਿਸੀਲਦਾਰ ਦਫਤਰ ਵਿਖੇ ਅਚਾਨਕ ਚੈੱਕਿੰਗ ਕੀਤੀ ਜਿੱਥੇ ਨਾਇਬ ਤਹਿਸੀਲਦਾਰ, ਕਲਰਕ ਸਵੇਰੇ 9 ਵਜੇ ਗੈਰ ਹਾਜਰ ਦਿਖਾਈ ਦਿੱਤੇ ਉਥੇ ਪਟਵਾਰਖਾਨੇ ਇਕ ਪਟਵਾਰੀ ਮੈਡਮ ਅਰਵਿੰਦਰ ਕੌਰ ਨੂੰ ਛੱਡ ਕੇ ਬਾਕੀ ਸਾਰੇ ਗੈਰ ਹਾਜਰ ਸਨ  ਅਤੇ ਪੂਰੀ ਤਹਿਸੀਲ ਵਿੱਚ ਸੁੰਨ ਪਸਰੀ ਹੋਈ ਸੀ, ਜਿਸ ਦੀ ਸ਼ਿਕਾਇਤ ਐੱਸ.ਡੀ.ਐੱਮ ਲੁਧਿਆਣਾ (ਪੱਛਮੀ), ਅਤੇ ਡੀ.ਸੀ ਲੁਧਿਆਣਾ ਨੂੰ ਕੀਤੀ। ਇੱਕ ਘੰਟੇ ਦੀ ਉਡੀਕ ਤੋਂ ਬਾਅਦ ਨਾਇਬ ਤਹਿਸੀਲਦਾਰ ਰਮਨ ਕੁਮਾਰ ਹਾਜਰ ਹੋਏ ਜਿਨ੍ਹਾਂ ਨੇ  ਸ਼ਪੱਸ਼ਟੀਕਰਨ ਦਿੰਦਿਆਂ ਕਿਹਾ ਕਿ  ਮੈਂ ਕੋਰਟ ਵਿੱਚ ਕੇਸ ਦੇ ਮਾਮਲੇ ਨੂੰ ਲੈ ਕੇ ਗਿਆ ਸੀ ਉਸ ਕੋਲ ਇੱਕੋ-ਇੱਕ ਕਲਰਕ-ਕਮ-ਰੀਡਰ ਹੈ ਵੀ ਕੋਰਟ ਗਿਆ ਹੋਇਆ ਹੈ, ਮਹੀਨੇ ਵਿੱਚ 15 ਕੋਰਟ ਕੇਸ ਮਾਣਯੋਗ ਅਦਾਲਤ ਵਿੱਚ ਲੱਗਦੇ ਹਨ, ਪਰ ਫਿਰ ਵੀ ਉਹ ਲੋਕਾਂ ਦੇ ਕੰਮ ਪਹਿਲ ਦਿੰਦਿਆ ਛੁੱਟੀ ਵਾਲੇ ਦਿਨ ਅਤੇ ਕੰਮਕਾਰ ਵਾਲੇ ਦਿਨ  ਦੇਰ ਸਾਮ ਤੱਕ  ਲੋਕਾਂ ਦੇ ਕੰਮ ਕਰਦੇ ਰਹਿੰਦੇ ਹਾਂ। ਉਹਨਾਂ ਦੱਸਿਆ ਕਿ ਤਹਿਸੀਲ ਵਿੱਚ ਕੁਲ 8 ਪਟਵਾਰੀ ਹਨ 2 ਪਟਵਾਰੀ ਛੁੱਟੀ ਤੇ ਗਏ ਹਨ ਇੱਕ ਪਟਵਾਰੀ ਕੋਰਟ ਗਿਆ ਹੋਇਆ ਸੀ ਜਦ ਕਿ ਬਾਕੀ ਚਾਰ ਗੈਰ ਹਾਜਰ ਪਟਵਾਰੀਆਂ ਨੂੰ ਸ਼ੋ ਕਾਜ ਨੋਟਿਸ ਜਾਰੀ ਕੀਤਾ ਜਾਵੇਗਾ, ਉਹਨਾਂ ਦੀ ਜਵਾਬ ਦੇਹੀ ਉਪਰੰਤ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਡਾ. ਕੰਗ ਨੇ ਦੱਸਿਆ ਕਿ ਮੁੱਖ ਮੰਤਰੀ ਵਲੋਂ ਜਾਰੀ ਆਦੇਸ਼ਾਂ ਨੂੰ ਟਿੱਚ ਜਾਣਦਿਆਂ ਤਹਿਸੀਲ ਦੇ ਕਰਮਚਾਰੀਆਂ ਅਤੇ ਪਟਵਾਰੀਆਂ ਵਲੋਂ ਉਪਭੋਗਤਾਵਾਂ ਨੂੰ ਬਿਨਾਂ ਵਜਾ ਪ੍ਰੇਸ਼ਾਨ ਕੀਤਾ ਜਾਂਦਾ ਹੈ ਅਤੇ ਉਹ ਖੱਜਲ ਖੁਆਰ ਹੋ ਰਹੇ ਹਨ ਇਹਨਾਂ ਦੀਆਂ ਮਨਮਾਨੀਆਂ ਤੋਂ ਦੁੱਖੀ ਲੋਕਾਂ ਨੇ ਸਾਡੇ ਕੋਲ ਸ਼ਿਕਾਇਤਾਂ ਕੀਤੀਆਂ ਸਨ ਜਿਸ ਨੂੰ  ਆਧਾਰ ਬਣਾ ਕੇ ਅਚਨਚੇਤ ਚੈਕਿੰਗ ਕੀਤੀ ਗਈ ਹੈ । ਉਹਨਾਂ ਕਿਹਾ ਕਿ ਡਿਊਟੀ ਵਿੱਚ ਕੁਤਾਹੀ ਵਰਤਣ ਵਾਲੇ ਕਿਸੇ ਵੀ ਮੁਲਾਜਮ ਨੂੰ ਬਖਸ਼ਿਆ ਨਹੀਂ ਜਾਵੇਗਾ ਚਾਹੇ ਉਹ ਕਿੰਨੀ ਵੀ ਵੱਡੀ ਪਹੁੰਚ ਕਿਉਂ ਨਾ ਰੱਖਦਾ ਹੋਵੇ? ਇਸ ਮੌਕੇ ਉਹਨਾਂ ਨਾਲ ਸੱਜਣ ਗੋਇਲ, ਬਲਾਕ ਪ੍ਰਧਾਨ ਵਰਿੰਦਰ ਸਿੰਘ ਦਾਖਾ ਆਦਿ ਪਾਰਟੀ ਵਰਕਰ ਹਾਜਰ ਸਨ।