ਮੈਡੀਕਲ ਕਾਲਜ ਕਮ ਹਸਪਤਾਲ ਬਣਾਉਣ ਲਈ ਪੰਜਾਬ ਸਰਕਾਰ ਨੂੰ 13 ਏਕੜ ਜ਼ਮੀਨ ਦਾਨ ਕੀਤੀ

ਮੁੱਲਾਂਪੁਰ (ਰਛਪਾਲ ਸਿੰਘ ਸ਼ੇਰਪੁਰੀ) : ਨੇੜਲੇ ਪਿੰਡ ਚੱਕ ਕਲਾਂ ਵਿਖੇ ਮਾਤਾ ਬਸੰਤ ਕੌਰ ਬਿਸ਼ਨ ਸਿੰਘ ਐਜੂਕੇਸ਼ਨ ਟਰੱਸਟ ਵੱਲੋਂ ਮੈਡੀਕਲ ਕਾਲਜ ਕਮ ਹਸਪਤਾਲ ਦੀ ਉਸਾਰੀ ਲਈ 39 ਕਰੋੜ ਕੀਮਤ ਵਾਲੀ 13 ਏਕੜ ਜ਼ਮੀਨ ਪੰਜਾਬ ਸਰਕਾਰ ਨੂੰ ਦਾਨ ਕੀਤੀ ਗਈ । ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪਹੁੰਚੇ, ਜਿੱਥੇ ਉਨ੍ਹਾਂ ਸਰਕਾਰ ਵੱਲੋਂ ਮਾਤਾ ਬਸੰਤ ਕੌਰ ਬਿਸ਼ਨ ਸਿੰਘ ਐਜੂਕੇਸ਼ਨ ਟਰੱਸਟ ਦੇ ਨੁਮਾਇੰਦਿਆਂ ਗੁਰਨਾਮ ਸਿੰਘ ਅਤੇ ਪਵਿਤਰ ਸਿੰਘ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਨਿੱਜੀ ਤੌਰ ’ਤੇ ਲੋਕਾਂ ਦੀ ਭਲਾਈ ਲਈ ਇੱਥੇ ਮੈਡੀਕਲ ਕਾਲਜ ਜਾਂ ਹਸਪਤਾਲ ਦੇ ਵਿਕਾਸ ਦਾ ਬੀੜਾ ਚੁੱਕਣਗੇ।  ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਸ ਨੇਕ ਕਾਰਜ ਲਈ ਹਰ ਤਰ੍ਹਾਂ ਦੀ ਮਦਦ ਕਰੇਗੀ ਅਤੇ ਹੋਰਨਾਂ, ਖਾਸ ਕਰਕੇ ਪ੍ਰਵਾਸੀ ਭਾਰਤੀਆਂ, ਨੂੰ ਵੀ ਅੱਗੇ ਆਉਣ ਅਤੇ ਆਪਣੀ ਮਾਤ ਭੂਮੀ ਦੀ ਤਰੱਕੀ ਲਈ ਖੁੱਲ੍ਹੇ ਦਿਲ ਨਾਲ ਯੋਗਦਾਨ ਪਾਉਣ ਲਈ ਪ੍ਰੇਰਿਤ ਕਰੇਗੀ। ਇਸ ਮੌਕੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ,  ਡਾ ਕੇ.ਐਨ.ਐਸ ਕੰਗ, ਏ.ਸੀ.ਐਸ (ਖੇਤੀਬਾੜੀ ਅਤੇ ਕਿਸਾਨ ਭਲਾਈ) ਸਰਵਜੀਤ ਸਿੰਘ ਆਦਿ ਵੀ ਹਾਜ਼ਰ ਸਨ।