ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਦਾ ਲਾਭ ਲੈਣ ਲਈ ਪੋਰਟਲ 'ਤੇ ਕਰੋ ਇਹ ਕੰਮ, ਫੇਰ ਮਿਲੇਗਾ ਸਕੀਮ ਦਾ ਲਾਭ 

  • ਪੀ.ਐਮ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਈ-ਕੇ.ਵਾਈ.ਸੀ. ਕਰਵਾਉਣਾ ਲਾਜ਼ਮੀ : ਮੁੱਖ ਖੇਤੀਬਾੜੀ ਅਫ਼ਸਰ

ਪਟਿਆਲਾ, 23 ਮਈ : ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਨਾਮ ਸਿੰਘ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਭ ਲੈਣ ਲਈ ਲਾਭਪਾਤਰੀ ਦਾ ਪੀ.ਐਮ. ਕਿਸਾਨ ਪੋਰਟਲ 'ਤੇ ਲੈਂਡਸੀਡਿੰਗ (ਜ਼ਮੀਨ ਦੀ ਜਾਣਕਾਰੀ) ਦਰਜ਼ ਕਰਵਾਉਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਕਿਸਾਨਾਂ ਵੱਲੋਂ ਹਾਲੇ ਤੱਕ ਜਾਣਕਾਰੀ ਦਰਜ਼ ਨਹੀਂ ਕਰਵਾਈ ਹੈ ਉਹ ਆਪਣੇ ਨੇੜੇ ਦੇ ਖੇਤੀਬਾੜੀ ਦਫ਼ਤਰ ਵਿਖੇ ਆਪਣੀ ਜ਼ਮੀਨ ਦੀ ਮਲਕੀਅਤ ਸਬੰਧੀ ਫ਼ਰਦ ਅਤੇ ਆਧਾਰ ਕਾਰਡ ਜਮਾਂ ਕਰਵਾਉਣ ਤਾਂ ਜੋ ਉਹ ਪੀ.ਐਮ. ਕਿਸਾਨ ਸਨਮਾਨ ਨਿਧੀ ਸਕੀਮ ਦਾ ਲਾਭ ਪੜਤਾਲ ਤੋਂ ਬਾਅਦ ਪ੍ਰਾਪਤ ਕਰ ਸਕਣ। ਉਨ੍ਹਾਂ ਕਿਹਾ ਕਿ ਜਿਹੜੇ ਲਾਭਪਾਤਰੀਆਂ ਵੱਲੋਂ ਹੁਣ ਤੱਕ ਈ-ਕੇ.ਵਾਈ.ਸੀ. ਨਹੀਂ ਕਰਵਾਈ ਗਈ ਹੈ ਉਹ ਵੀ ਜਲਦੀ ਤੋਂ ਜਲਦੀ ਯੋਜਨਾ ਦਾ ਲਾਭ ਲੈਣ ਲਈ ਆਪਣੇ ਆਪ ਜਾਂ ਕਾਮਨ ਸਰਵਿਸ ਸੈਂਟਰ ਤੋਂ ਈ-ਕੇ.ਵਾਈ.ਸੀ. ਕਰਵਾਉਣ ਤਾਂ ਕਿ  ਉਨ੍ਹਾਂ ਨੂੰ ਸਰਕਾਰ ਵੱਲੋਂ ਦਿੱਤੀ ਜਾਂਦੀ ਸਹੂਲਤ ਦਾ ਲਾਭ ਮਿਲ ਸਕੇ। ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਕਿਸਾਨ ਇਸ ਸਬੰਧੀ ਖੇਤੀਬਾੜੀ ਵਿਭਾਗ ਦੇ ਬਲਾਕ ਦਫ਼ਤਰਾਂ ਵਿੱਚ ਪਹੁੰਚ ਕਰਕੇ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਅਤੇ ਜ਼ਰੂਰੀ ਜਾਣਕਾਰੀ ਲਈ ਮੋਬਾਇਲ ਨੰਬਰ 7340903355 ਅਤੇ ਈ-ਮੇਲ pmkisan98@gmail.com 'ਤੇ ਸੰਪਰਕ ਕੀਤਾ ਜਾ ਸਕਦਾ ਹੈ।