ਦੀਵਾਨ ਟੋਡਰ ਮੱਲ ਜੀ ਦਾ ਨਾਂ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿੱਚ ਦਰਜ : ਅਮਨ ਅਰੋੜਾ

  • ਇਤਿਹਾਸਕ ਇਮਾਰਤਾਂ ਦੀ ਸਾਂਭ ਸੰਭਾਲ ਲਾਜ਼ਮੀ
  • ਕੈਬਨਿਟ ਮੰਤਰੀ ਵੱਲੋਂ ਦੀਵਾਨ ਟੋਡਰ ਮੱਲ ਹਵੇਲੀ ਦਾ ਦੌਰਾ

ਫ਼ਤਹਿਗੜ੍ਹ ਸਾਹਿਬ, 07 ਜੁਲਾਈ : ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ, ਗਵਰਨੈਂਸ ਰਿਫਾਰਮਜ਼, ਪ੍ਰਿੰਟਿੰਗ ਤੇ ਸਟੇਸ਼ਨਰੀ, ਸ਼ਿਕਾਇਤਾਂ ਅਤੇ ਰੋਜ਼ਗਾਰ ਜਨਰੇਸ਼ਨ ਤੇ ਟਰੇਨਿੰਗ ਮੰਤਰੀ, ਸ਼੍ਰੀ ਅਮਨ ਅਰੋੜਾ ਨੇ ਇਤਿਹਾਸਕ ਦੀਵਾਨ ਟੋਡਰ ਮੱਲ ਹਵੇਲੀ ਦੀ ਸਾਂਭ ਸੰਭਾਲ ਦੇ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲਿਆ। ਇਸ ਮੌਕੇ ਸ਼੍ਰੀ ਅਰੋੜਾ ਨੇ ਕਿਹਾ ਕਿ ਫ਼ਤਹਿਗੜ੍ਹ ਸਾਹਿਬ ਦੀ ਧਰਤੀ ਦਾ ਸਿੱਖ ਇਤਿਹਾਸ ਵਿੱਚ ਅਹਿਮ ਸਥਾਨ ਹੈ ਅਤੇ ਇਹ ਧਰਤੀ ਦਸਮਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨਾਲ ਜੁੜੀ ਹੋਈ ਹੈ। ਦੀਵਾਨ ਟੋਡਰ ਮੱਲ ਜੀ ਉਸ ਵੇਲੇ ਮੋਹਰਾਂ ਖੜ੍ਹੀਆਂ ਕਰ ਕੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਅੰਤਿਮ ਸੰਸਕਾਰ ਲਈ ਜਗ੍ਹਾ ਖਰੀਦੀ ਤੇ ਉਹਨਾਂ ਦਾ ਨਾਮ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ। ਸ਼੍ਰੀ ਅਰੋੜਾ ਨੇ ਕਿਹਾ ਕਿ ਇਸ ਧਰਤੀ 'ਤੇ ਸਥਿਤ ਇਮਾਰਤਾਂ ਦੀ ਸਾਂਭ ਸੰਭਾਲ ਕਰ ਕੇ ਨੌਜਵਾਨ ਪੀੜ੍ਹੀ ਲਈ ਇੱਕ ਵਿਰਾਸਤ ਵਜੋਂ ਸਾਂਭਿਆ ਜਾ ਰਿਹਾ ਹੈ ਤਾਂ ਜੋ ਨੌਜਵਾਨ ਪੀੜ੍ਹੀ ਇਸ ਦੀ ਮਹੱਤਤਾ ਤੋਂ ਪ੍ਰੇਰਨਾ ਲੈ ਸਕੇ। ਦੀਵਾਨ ਟੋਡਰ ਮੱਲ ਹਵੇਲੀ ਵਰਗੀਆਂ ਇਤਿਹਾਸਕ ਇਮਾਰਤਾਂ ਸਾਡੇ ਅਮੀਰ ਵਿਰਸੇ ਨੂੰ ਦਰਸਾਉਂਦੀਆਂ ਹਨ, ਜਿਨ੍ਹਾਂ ਦੀ ਸਾਂਭ ਸੰਭਾਲ ਕਰਨਾ ਸਾਡਾ ਫਰਜ਼ ਹੈ। ਦੀਵਾਨ ਟੋਡਰ ਮੱਲ ਜੀ ਨੂੰ ਇਤਿਹਾਸ ਵਿੱਚ ਵੱਖਰਾ ਸਥਾਨ ਹਾਸਲ ਹੈ ਅਤੇ ਉਨ੍ਹਾਂ ਦੀ ਵਿਰਾਸਤੀ ਹਵੇਲੀ ਸਾਨੂੰ ਅੱਜ ਵੀ ਹੱਕ ਤੇ ਸੱਚ ਲਈ ਲੜ੍ਹਨ ਦੀ ਪ੍ਰੇਰਨਾ ਦਿੰਦੀ ਹੈ। ਫ਼ਤਹਿਗੜ੍ਹ ਸਾਹਿਬ ਨੂੰ ਟੂਰਿਜ਼ਮ ਦੇ ਖੇਤਰ ਵਿੱਚ ਮੋਹਰੀ ਬਣਾਉਣ ਲਈ ਇਥੇ ਸਥਿਤ ਪੁਰਾਤਨ ਇਮਾਰਤਾਂ ਜਿਵੇਂ ਕਿ ਦੀਵਾਨ ਟੋਡਰ ਮੱਲ ਹਵੇਲੀ, ਆਮ ਖਾਸ ਬਾਗ, ਭਗਤਾ ਸਧਨਾ ਜੀ ਦੀ ਮਸੀਤ ਅਤੇ ਹੋਰ ਇਤਿਹਾਸਕ ਇਮਾਰਤਾਂ ਦੀ ਸਾਂਭ ਸੰਭਾਲ ਲਈ ਵੱਡੇ ਪੱਧਰ 'ਤੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਵਿਧਾਇਕ ਫ਼ਤਹਿਗੜ੍ਹ ਸਾਹਿਬ ਸ.ਲਖਵੀਰ ਸਿੰਘ ਰਾਏ ਅਤੇ ਵਿਧਾਇਕ ਬੱਸੀ ਪਠਾਣਾਂ ਸ. ਰੁਪਿੰਦਰ ਸਿੰਘ ਹੈਪੀ,  ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅਜੈ ਸਿੰਘ ਲਿਬੜਾ, ਮਾਰਕੀਟ ਕਮੇਟੀ ਸਰਹਿੰਦ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ ਸਿੰਘ ਧਾਲੀਵਾਲ, ਐਸ.ਡੀ.ਐਮ. ਅਮਲੋਹ ਗੁਰਵਿੰਦਰ ਸਿੰਘ ਜੌਹਲ, ਸਮੇਤ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।