ਦਾਨੀ ਸੱਜਣਾਂ ਦੇ ਸਹਿਯੋਗ ਨਾਲ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਕਰ ਰਹੀ ਹੈ ਲੋਕਾਂ ਦੀ ਸੇਵਾ: ਡਿਪਟੀ ਕਮਿਸ਼ਨਰ

  • ਡਿਪਟੀ ਕਮਿਸ਼ਨਰ ਨੇ 5 ਲੋੜਵੰਦਾਂ ਨੂੰ ਐਸ ਬੀ ਆਈ ਦੇ ਸਹਿਯੋਗ ਨਾਲ ਵੰਡੀਆਂ ਵ੍ਹੀਲ ਚੇਅਰਾਂ 

ਬਰਨਾਲਾ, 5 ਅਕਤੂਬਰ : ਦਾਨੀ ਸੱਜਣਾਂ ਦੇ ਸਹਿਯੋਗ ਨਾਲ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਬਰਨਾਲਾ ਵੱਲੋਂ ਨਿਰੰਤਰ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਇਸ ਸਿਲਸਿਲੇ ਤਹਿਤ ਹੀ ਅੱਜ ਸਟੇਟ ਬੈਂਕ ਆਫ ਇੰਡੀਆ ਦੇ ਸਹਿਯੋਗ ਨਾਲ 5 ਲੋੜਵੰਦ ਵਿਅਕਤੀਆਂ ਨੂੰ ਵ੍ਹੀਲ ਚੇਅਰਾਂ ਵੰਡੀਆਂ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਸਟੇਟ ਬੈਂਕ ਆਫ ਇੰਡੀਆ ਵੱਲੋਂ ਸੀ. ਐੱਸ. ਆਰ. ਫ਼ੰਡਾਂ ਤਹਿਤ ਕੀਤੇ ਜਾ ਰਹੇ ਵ੍ਹੀਲ ਚੇਅਰ ਵੰਡ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਸਟੇਟ ਬੈਂਕ ਆਫ ਇੰਡੀਆ ਵੱਲੋਂ ਕੁਲ 20 ਵ੍ਹੀਲ ਚੇਅਰਾਂ ਰੈੱਡ ਕਰਾਸ ਨੂੰ ਦਿੱਤੀਆਂ ਗਾਈਆਂ ਹਨ, ਜਿਨ੍ਹਾਂ ਵਿਚੋਂ 5 ਅੱਜ ਤਕਸੀਮ ਕਰ ਦਿੱਤੀਆਂ ਗਈਆਂ ਹਨ। ਇਸ ਮੌਕੇ ਸਟੇਟ ਬੈਂਕ ਆਫ ਇੰਡੀਆ ਦੇ ਰੀਜਨਲ ਬ੍ਰਾਂਚ ਦਫਤਰ ਤੋਂ ਮੈਡਮ ਅਨੁਰਾਧਾ, ਐਲ. ਡੀ. ਐਮ. ਅੰਬੁਜ ਕੁਮਾਰ, ਸਕੱਤਰ ਰੈੱਡ ਕਰਾਸ ਸੋਸਾਇਟੀ ਸਰਵਣ ਸਿੰਘ, ਬ੍ਰਾਂਚ ਮੈਨੇਜਰ ਬਿਕਰਮਜੀਤ ਸਿੰਘ ਤੇ ਹੋਰ ਲੋਕ ਹਾਜ਼ਰ ਸਨ।