ਜ਼ਿਲ੍ਹਾ ਪੱਧਰੀ 'ਤੀਆਂ ਤੀਜ਼ ਦੀਆਂ' ਆਮ ਖਾਸ ਬਾਗ ਵਿਖੇ 18 ਅਗਸਤ ਨੂੰ ਮਨਾਈਆਂ ਜਾਣਗੀਆਂ: ਪਰਨੀਤ ਸ਼ੇਰਗਿੱਲ

  • ਪੰਜਾਬ ਦੇ ਵਿਰਸੇ ਨਾਲ ਜੁੜੀਆਂ ਪੰਜਾਬੀ ਸਭਿੱਆਚਾਰ ਦੀਆਂ ਵੱਖ-ਵੱਖ ਵੰਨਗੀਆਂ ਦੇ ਕਰਵਾਏ ਜਾਣਗੇ ਮੁਕਾਬਲੇ
  • ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ’ਤੀਆਂ ਤੀਜ਼ ਦੀਆਂ’ ਮਨਾਉਣ ਸਬੰਧੀ ਕੀਤੀ ਮੀਟਿੰਗ
  • ਬਲਾਕ ਪੱਧਰ ਅਤੇ ਪਿੰਡਾਂ ਵਿਚ ਵੀ ਹੋਣਗੇ ਸਮਾਗਮ

ਫ਼ਤਹਿਗੜ੍ਹ ਸਾਹਿਬ, 31 ਜੁਲਾਈ : ਪੰਜਾਬ ਦੇ ਅਮੀਰ ਸੱਭਿਆਚਾਰ ਨਾਲ ਜੁੜੀਆਂ 'ਤੀਆਂ ਤੀਜ਼ ਦੀਆਂ' 18 ਅਗਸਤ ਨੂੰ ਆਮ ਖਾਸ ਬਾਗ ਸਰਹਿੰਦ ਵਿਖੇ ਮਨਾਈਆਂ ਜਾਣਗੀਆਂ, ਜਿਨ੍ਹਾਂ ਵਿੱਚ ਵੱਖ-ਵੱਖ ਉਮਰ ਵਰਗ ਦੇ ਪੰਜਾਬੀ ਸੱਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਦੇ ਮੁਕਾਬਲੇ ਕਰਵਾਏ ਜਾਣਗੇ। ਇਸੇ ਤਰ੍ਹਾਂ ਬਲਾਕ ਪੱਧਰ ਅਤੇ ਪਿੰਡਾਂ ਵਿੱਚ ਵੀ ਤੀਆਂ ਸਬੰਧੀ ਸਮਾਗਮ ਕਰਵਾਏ ਜਾਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਤੀਆਂ ਤੀਜ਼ ਦੀਆਂ ਮਨਾਉਣ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਆਮ ਖਾਸ ਬਾਗ ਵਿਖੇ ਅਮੀਰ ਪੰਜਾਬੀ ਵਿਰਸੇ ਨਾਲ ਜੁੜੀਆਂ ਖਾਣ ਪੀਣ ਦੀਆਂ ਵਸਤਾਂ ਦੇ ਸਟਾਲ ਲਗਾਏ ਜਾਣਗੇ ਅਤੇ ਸਕੂਲਾਂ ਦੀਆਂ ਵਿਦਿਅਰਥਣਾਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਲੋਕ ਨਾਚ, ਸੋਲੋ ਡਾਂਸ, ਤੀਜ ਬੇਬੇ ਤੇ ਮਿਸ ਤੀਜ ਮੁਕਾਬਲੇ, ਘੜਾ ਰੇਸ, ਮਹਿੰਦੀ ਮੁਕਾਬਲੇ ਤੇ ਪੀਂਘਾਂ ਦਾ ਖਾਸ ਪ੍ਰਬੰਧ ਕੀਤਾ ਜਾਵੇਗਾ।  ਸ਼੍ਰੀਮਤੀ ਸ਼ੇਰਗਿੱਲ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਤੀਆਂ ਦੇ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਵੇਖਣ ਲਈ ਆਉਣ ਵਾਲਿਆਂ ਲਈ ਮਿਆਰੀ ਖਾਣ ਪੀਣ ਦੀਆਂ ਵਸਤਾਂ ਦੇ ਸਟਾਲ ਲਗਵਾਏ ਜਾਣ। ਉਨ੍ਹਾਂ ਨੇ ਤੀਆਂ ਦੇ ਸਮਾਗਮ ਦੌਰਾਨ ਰੰਗੋਲੀ ਆਦਿ ਦੇ ਪ੍ਰਬੰਧ ਕਰਨ ਲਈ ਵੀ ਕਿਹਾ। ਉਨ੍ਹਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਸਮਾਗਮ ਦੌਰਾਨ ਸਕੂਲੀ ਵਿਦਿਆਰਥੀਆਂ ਦੇ ਕਰਵਾਏ ਜਾਣ ਵਾਲੇ ਮੁਕਾਬਲਿਆਂ ਸਬੰਧੀ ਲੋੜੀਂਦੇ ਪ੍ਰਬੰਧ ਕੀਤੇ ਜਾਣ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਤੀਆਂ ਦੇ ਸਮਾਗਮ ਦੌਰਾਨ ਵਾਤਾਵਰਨ ਦੀ ਸੰਭਾਲ  ਲਈ ਜਾਗਰੂਕ ਕਰਨ ਵਾਸਤੇ ਲੋੜੀਂਦੇ ਇੰਤਜ਼ਾਮ ਕੀਤੇ ਜਾਣ ਤਾਂ ਜੋ ਇਸ ਸਮਾਗਮ ਰਾਹੀਂ ਲੋਕਾਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਸਬੰਧੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਸਕੇ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਹਰਜੋਤ ਕੌਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਸੁਰਿੰਦਰ ਸਿੰਘ, ਸਮੇਤ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।