ਖੇਡਾਂ ਵਤਨ ਪੰਜਾਬ ਦੀਆਂ ਅਧੀਨ ਜ਼ਿਲਾ ਪੱਧਰੀ ਖੇਡ ਮੁਕਾਬਲੇ 29 ਸਤੰਬਰ ਤੋਂ

ਫਰੀਦਕੋਟ 27 ਸਤੰਬਰ : ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਫਰੀਦਕੋਟ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਮਿਤੀ 29-09-2023 ਤੋਂ ਕਰਵਾਈਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਖੇਡ ਅਫਸਰ ਸ. ਬਲਜਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ਦੀਆਂ ਇਨ੍ਹਾਂ ਖੇਡਾਂ ਵਿੱਚ 19 ਖੇਡਾਂ ਦੇ ਟੂਰਨਾਮੈਂਟ ਕਰਵਾਏ ਜਾ ਰਹੇ ਹਨ ਜੋ ਕਿ ਮਿਤੀ 29-09-2012 ਤੋਂ ਸ਼ੁਰੂ ਹੋ ਕੇ ਮਿਤੀ 5-10-2023 ਤੱਕ ਕਰਵਾਏ ਜਾਣਗੇ। ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੇ ਉਮਰ ਮਾਪਦੰਡ ਅੰਡਰ 14 ਲਈ ਖਿਡਾਰੀ ਦਾ ਜਨਮ ਮਿਤੀ 01-01-2010 ਤੋਂ ਬਾਅਦ, ਅੰਡਰ 17 ਲਈ ਮਿਤੀ 01-01-2007 ਤੋਂ ਬਾਅਦ, ਅੰਡਰ 21 ਲਈ ਮਿਤੀ 01-01-2003 ਤੋਂ ਬਾਅਦ, 21 ਤੋਂ 30 ਲਈ ਮਿਤੀ 01-01-1994 ਤੋਂ 31-12-2002 ਤੱਕ, 31 ਤੋਂ 40 ਲਈ ਮਿਤੀ 01-01-1984 ਤੋਂ 31-12-1993 ਤੱਕ, 41 ਤੋਂ 55 ਲਈ ਮਿਤੀ 01-01-1969 ਤੋਂ 31-12-1983 ਤੱਕ, 56 ਤੋਂ 65 ਵਰਗ ਲਈ ਮਿਤੀ 01-01-1959 ਤੋਂ 31-12-1968 ਤੱਕ ਅਤੇ 65 ਸਾਲ ਤੋਂ ਉੱਪਰ ਦੇ ਉਮਰ ਵਰਗ ਲਈ 31-12-1958 ਜਾਂ ਉਸ ਤੋਂ ਪਹਿਲਾਂ ਦਾ ਜਨਮ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਐਥਲੈਟਿਕਸ, ਬਾਸਕਟਬਾਲ, ਵਾਲੀਬਾਲ ਸਮੈਸਿੰਗ, ਵਾਲੀਬਾਲ ਸ਼ੂਟਿੰਗ, ਹੈਂਡਬਾਲ , ਗੱਤਕਾ, ਕਿੱਕ ਬਾਕਸਿੰਗ ਖੇਡਾਂ ਦੀ ਮੁਕਾਬਲੇ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਹੋਣਗੇ। ਹਾਕੀ, ਚੈੱਸ ਖੇਡਾਂ ਦੇ ਮੁਕਾਬਲੇ ਐਸਟ੍ਰੋ ਟਰਫ ਸਟੇਡੀਅਮ ਬਰਜਿੰਦਰਾ ਕਾਲਜ ਫਰੀਦਕੋਟ ਵਿਖੇ, ਫੁੱਟਬਾਲ ਅਤੇ ਖੋ ਖੋ ਖੇਡਾਂ ਦੇ ਮੁਕਾਬਲੇ ਸਰਕਾਰੀ ਬਲਵੀਰ ਸੀਨੀ. ਸੈਕੰ ਸਕੂਲ ਫਰੀਦਕੋਟ, ਕਬੱਡੀ ਸਰਕਲ, ਕਬੱਡੀ ਨੈਸ਼ਨਲ ਖੇਡਾਂ ਦੇ ਮੁਕਾਬਲੇ ਕਬੱਡੀ ਹਾਲ, ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਹੋਣਗੇ। ਇਸੇ ਤਰ੍ਹਾਂ ਕੁਸ਼ਤੀ, ਵੇਟਲਿਫਟਿੰਗ, ਪਾਵਰਲਿਫਟਿੰਗ ਖੇਡਾਂ ਦੇ ਮੁਕਾਬਲੇ ਕੁਸ਼ਤੀ ਹਾਲ ਨਹਿਰੂ ਸਟੇਡੀਅਮ ਵਿਖੇ, ਤੈਰਾਕੀ ਦੇ ਮੁਕਾਬਲੇ ਤੈਰਾਕੀ ਪੂਲ ਬਰਜਿੰਦਰ ਕਾਲਜ ਫਰੀਦਕੋਟ ਵਿਖੇ, ਟੇਬਿਲ ਟੈਨਿਸ ਅਤੇ ਬੈਡਮਿੰਟਨ ਦੇ ਮੁਕਾਬਲੇ ਜਿਮਨੇਜੀਅਮ ਹਾਲ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਹੋਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਵਿਚ ਭਾਗ ਲੈਣ ਲਈ ਖਿਡਾਰੀ ਪੰਜਾਬ ਰਾਜ ਦਾ ਵਸਨੀਕ ਹੋਣਾ ਚਾਹੀਦਾ ਹੈ ਅਤੇ ਉਸ ਕੋਲ ਰਿਹਾਇਸ਼ੀ ਸਰਟੀਫਿਕੇਟ ਜਾਂ ਪੰਜਾਬ ਦਾ ਆਧਾਰ ਕਾਰਡ ਹੋਣਾ ਚਾਹੀਦਾ ਹੈ। ਪੰਜਾਬ ਸਰਕਾਰ ਦੇ ਵਿਭਾਗਾਂ ਵਿੱਚ ਕੰਮ ਕਰਦੇ ਕਰਮਚਾਰੀ, ਜੋ ਚੰਡੀਗੜ੍ਹ ਵਿੱਚ ਰਹਿ ਰਹੇ ਹਨ, ਖੁਦ ਅਤੇ ਉਨ੍ਹਾਂ ਦੇ ਆਸ਼ਰਿਤ ਵੀ ਖੇਡਾਂ ਵਿੱਚ ਭਾਗ ਲੈ ਸਕਦੇ ਹਨ। ਇੱਕ ਖਿਡਾਰੀ ਇੱਕ ਟੀਮ ਜਾਂ ਵਿਅਕਤੀਗਤ ਖੇਡ ਵਿੱਚ ਵੱਧ ਤੋਂ ਵੱਧ ਦੇ ਈਵੈਂਟਾਂ ਵਿੱਚ ਭਾਗ ਲੈ ਸਕਦਾ ਹੈ। ਇਕ ਖਿਡਾਰੀ ਇਕ ਉਮਰ ਵਰਗ ਵਿੱਚ (ਜੋ ਅਸਲ ਉਮਰ ਦੇ ਹਿਸਾਬ ਨਾਲ ਹੈ) ਵਿੱਚ ਹਿੱਸਾ ਲੈ ਸਕਦਾ ਹੈ। ਸਾਰੇ ਸਕੂਲ, ਪਿੰਡ, ਸ਼ਹਿਰ ਬਲਾਕ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਭਾਗ ਲੈ ਸਕਦੇ ਹਨ। ਇਸ ਖੇਡ ਮੇਲੇ ਦੌਰਾਨ ਲੋੜ ਪੈਣ ਤੇ ਖਿਡਾਰੀਆਂ ਦਾ ਡੋਪ ਟੈਸਟ ਕਿਸੇ ਵੀ ਸਮੇਂ ਕਰਵਾਇਆ ਜਾ ਸਕਦਾ ਹੈ। ਕਿਸੇ ਵੀ ਟੀਮ ਨੂੰ ਆਉਣ ਜਾਣ ਦਾ ਕਿਰਾਇਆ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਟੀਮ ਖੇਡਾਂ ਲਈ ਸਬੰਧਤ ਸਕੂਲ/ਸੰਸਥਾ/ਕਲੱਬ ਵੱਲੋਂ ਪੂਰੀ ਟੀਮ ਦੀ ਐਂਟਰੀ ਕੀਤੀ ਜਾਵੇ, ਅਧੂਰੀ ਟੀਮ ਸਵੀਕਾਰ ਨਹੀਂ ਕੀਤੀ ਜਾਵੇਗੀ। ਇਸਤੋਂ ਇਲਾਵਾ ਕੋਸ਼ਿਸ਼ ਕੀਤੀ ਜਾਵੇ ਟੀਮ ਦੇ ਖਿਡਾਰੀਆਂ ਦੀ ਖੇਡ ਕਿੱਟ ਇੱਕੋ ਜਿਹੀ ਹੋਵੇ। ਖਿਡਾਰੀ ਆਪਣੀ ਉਮਰ ਦੇ ਸਬੂਤ ਵਜੋਂ ਆਧਾਰ ਕਾਰਡ/ਪੈਨ ਕਾਰਡ ਜਾਂ ਕੋਈ ਹੋਰ ਆਈਡੀ ਪਰੂਫ ਆਪਣੇ ਨਾਲ ਲੈ ਕੇ ਆਉਣਗੇ।