ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਫ਼ਰੀਦਕੋਟ ਦੀਆਂ ਜਿਲ੍ਹਾ ਪੱਧਰੀ ਖੇਡਾਂ 12 ਤੋਂ 16 ਸਤੰਬਰ ਤੱਕ

ਫਰੀਦਕੋਟ 6 ਸਤੰਬਰ 2024 : ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਫਰੀਦਕੋਟ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ-2024 ਸੀਜ਼ਨ 3 ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਮਿਤੀ 12 ਸਤੰਬਰ 2024 ਤੋਂ ਕਰਵਾਈਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਖੇਡ ਅਫਸਰ ਸ. ਬਲਜਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ਦੀਆਂ ਇਨ੍ਹਾਂ ਖੇਡਾਂ ਵਿੱਚ 20 ਖੇਡਾਂ ਦੇ ਟੂਰਨਾਮੈਂਟ ਕਰਵਾਏ ਜਾ ਰਹੇ ਹਨ ਜੋ ਕਿ ਮਿਤੀ 12 ਸਤੰਬਰ 2024 ਤੋਂ ਸ਼ੁਰੂ ਹੋ ਕੇ ਮਿਤੀ 16 ਸਤੰਬਰ 2024 ਤੱਕ ਕਰਵਾਏ ਜਾਣਗੇ। ਇਨ੍ਹਾ ਖੇਡਾਂ ਵਿੱਚ ਅੰਡਰ 14, ਅੰਡਰ 17 ਅਤੇ ਅੰਡਰ 21 (ਲੜਕੇ ਅਤੇ ਲੜਕੀਆਂ) ਦੇ ਖੇਡ ਮੁਕਾਬਲੇ ਮਿਤੀ 12 ਸਤੰਬਰ 2024 ਤੋਂ 14 ਸਤੰਬਰ 2024 ਤੱਕ ਅਤੇ ਬਾਅਦ ਵਾਲੇ ਏਜ਼ ਗਰੁੱਪ ਮਿਤੀ 15 ਸਤੰਬਰ 2024 ਤੋਂ 16 ਸਤੰਬਰ 2024 ਤੱਕ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਪਹਿਲੇ ਏਜ਼ ਗਰੁੱਪਾਂ ਵਿਚੋਂ ਕੋਈ ਏਜ਼ ਗਰੁੱਪ ਦਾ ਟੂਰਨਾਮੈਂਟ ਨਿਰਧਾਰਿਤ ਮਿਤੀ ਵਿੱਚ ਕਰਵਾਉਣ ਤੋਂ ਰਹਿ ਜਾਵੇਗਾ ਤਾਂ ਉਹ ਅਗਲੀਆਂ ਮਿਤੀਆਂ ਵਿੱਚ ਕਰਵਾਇਆ ਜਾਵੇਗਾ। ਇਨ੍ਹਾ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੇ ਉਮਰ ਮਾਪਦੰਡ ਅੰਡਰ 14 ਲਈ ਖਿਡਾਰੀ ਦਾ ਜਨਮ ਮਿਤੀ 01—01—2011 ਤੋਂ ਬਾਅਦ, ਅੰਡਰ 17 ਲਈ ਮਿਤੀ 01—01—2008 ਤੋਂ ਬਾਅਦ, ਅੰਡਰ 21 ਲਈ ਮਿਤੀ 01—01—2004 ਤੋਂ ਬਾਅਦ, 21 ਤੋਂ 30 ਲਈ ਮਿਤੀ 01—01—1994 ਤੋਂ 31—12—2003 ਤੱਕ, 31 ਤੋਂ 40 ਲਈ ਮਿਤੀ 01—01—1984 ਤੋਂ 31—12—1993 ਤੱਕ, 41 ਤੋਂ 50 ਲਈ ਮਿਤੀ 01—01—1974 ਤੋਂ 31—12—1983 ਤੱਕ, 51 ਤੋਂ 60 ਵਰਗ ਲਈ ਮਿਤੀ 01—01—1964 ਤੋਂ 31—12—1973 ਤੱਕ, 61 ਤੋਂ 70 ਲਈ ਮਿਤੀ 01—01—1954 ਤੋਂ 31—12—1963 ਤੱਕ ਅਤੇ 70 ਸਾਲ ਤੋਂ ਉੱਪਰ ਦੇ ਉਮਰ ਵਰਗ ਲਈ 31—12—1953 ਜਾਂ ਉਸ ਤੋਂ ਪਹਿਲਾਂ ਦਾ ਜਨਮ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡਾਂ ਵਿਚ ਭਾਗ ਲੈਣ ਲਈ ਖਿਡਾਰੀ ਪੰਜਾਬ ਰਾਜ ਦਾ ਵਸਨੀਕ ਹੋਣਾ ਚਾਹੀਦਾ ਹੈ ਅਤੇ ਉਸ ਕੋਲ ਰਿਹਾਇਸ਼ੀ ਸਰਟੀਫਿਕੇਟ ਜਾਂ ਪੰਜਾਬ ਦਾ ਆਧਾਰ ਕਾਰਡ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਵਿਭਾਗਾਂ ਵਿੱਚ ਕੰਮ ਕਰਦੇ ਕਰਮਚਾਰੀ, ਜੋ ਚੰਡੀਗੜ੍ਹ ਵਿੱਚ ਰਹਿ ਰਹੇ ਹਨ, ਖੁਦ ਅਤੇ ਉਨ੍ਹਾਂ ਦੇ ਆਸ਼ਰਿਤ ਵੀ ਖੇਡਾਂ ਵਿੱਚ ਭਾਗ ਲੈ ਸਕਦੇ ਹਨ। ਇੱਕ ਖਿਡਾਰੀ ਇੱਕ ਟੀਮ ਜਾਂ ਵਿਅਕਤੀਗਤ ਖੇਡ ਵਿੱਚ ਵੱਧ ਤੋਂ ਵੱਧ ਦੋ ਈਵੈਂਟਾਂ ਵਿੱਚ ਭਾਗ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਇਕ ਖਿਡਾਰੀ ਇੱਕ ਉਮਰ ਵਰਗ ਵਿੱਚ (ਜੋ ਅਸਲ ਉਮਰ ਦੇ ਹਿਸਾਬ ਨਾਲ ਹੈ) ਵਿੱਚ ਹਿੱਸਾ ਲੈ ਸਕਦਾ ਹੈ। ਸਾਰੇ ਸਕੂਲ, ਪਿੰਡਾਂ ਰਜਿਸਟਰ ਯੂਥ ਕਲੱਬਾਂ, ਰਜਿਸਟਰਡ ਅਕੈਡਮੀਆਂ, ਸ਼ਹਿਰ ਬਲਾਕ/ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਭਾਗ ਲੈ ਸਕਦੇ ਹਨ। ਇਸ ਖੇਡ ਮੇਲੇ ਦੌਰਾਨ ਲੋੜ ਪੈਣ ਤੇ ਖਿਡਾਰੀਆਂ ਦਾ ਡੋਪ ਟੈਸਟ ਕਿਸੇ ਵੀ ਸਮੇਂ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਟੀਮ ਨੂੰ ਆਉਣ ਜਾਣ ਦਾ ਕਿਰਾਇਆ ਨਹੀਂ ਦਿੱਤਾ ਜਾਵੇਗਾ। ਟੀਮ ਖੇਡਾਂ ਲਈ ਸਬੰਧਤ ਸਕੂਲ/ਸੰਸਥਾ/ਕਲੱਬ ਵੱਲੋਂ ਪੂਰੀ ਟੀਮ ਦੀ ਐਂਟਰੀ ਕੀਤੀ ਜਾਵੇ, ਅਧੂਰੀ ਟੀਮ ਸਵੀਕਾਰ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੋਸ਼ਿਸ਼ ਕੀਤੀ ਜਾਵੇ ਟੀਮ ਦੇ ਖਿਡਾਰੀਆਂ ਦੀ ਖੇਡ ਕਿੱਟ ਇੱਕੋ ਜਿਹੀ ਹੋਵੇ। ਉਨ੍ਹਾਂ ਕਿਹਾ ਕਿ ਖਿਡਾਰੀ ਆਪਣੀ ਉਮਰ ਦੇ ਸਬੂਤ ਵਜੋਂ ਆਧਾਰ ਕਾਰਡ/ਪੈਨ ਕਾਰਡ ਜਾਂ ਕੋਈ ਹੋਰ ਆਈਡੀ ਪਰੂਫ ਆਪਣੇ ਨਾਲ ਲੈ ਕੇ ਆਉਣ।