ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ 6 ਅਕਤੂਬਰ ਨੂੰ

  • ਕਿਸਾਨ ਕੈਂਪ 'ਚ ਪੁੱਜ ਕੇ ਹਾੜੀ ਦੀ ਫ਼ਸਲਾਂ ਸਬੰਧੀ ਜਾਣਕਾਰੀ ਲੈਣ

ਬਰਨਾਲਾ, 4 ਅਕਤੂਬਰ : ਹਾੜੀ 2023-24 ਦੀਆਂ ਫਸਲਾਂ ਦੀ ਕਾਸ਼ਤ ਅਤੇ ਤਕਨੀਕੀ ਜਾਣਕਾਰੀ ਦੇਣ ਲਈ ਬਰਨਾਲਾ ਦਾ ਜ਼ਿਲ੍ਹਾ ਪੱਧਰ ਦਾ ਕਿਸਾਨ ਸਿਖਲਾਈ ਕੈਂਪ 6 ਅਕਤੂਬਰ (ਸ਼ੁੱਕਰਵਾਰ) ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਰਨਾਲਾ ਵੱਲੋਂ ਕਪਿਲ ਪੈਲੇਸ ਨਾਨਕਸਰ ਰੋਡ, ਬਰਨਾਲਾ ਵਿਖੇ ਲਗਾਇਆ ਜਾ ਰਿਹਾ ਹੈ। ਇਸ ਕੈਂਪ ਦੇ ਮੁੱਖ ਮਹਿਮਾਨ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ, ਕੈਬਨਿਟ ਮੰਤਰੀ, ਪੰਜਾਬ ਹੋਣਗੇ ਅਤੇ ਇਸ ਕੈਂਪ ਦਾ ਉਦਘਾਟਨ ਸ੍ਰੀਮਤੀ ਪੂਨਮਦੀਪ ਕੌਰ ਡਿਪਟੀ ਕਮਿਸ਼ਨਰ ਬਰਨਾਲਾ ਕਰਨਗੇ। ਕੈਂਪ ਦੀ ਪ੍ਰਧਾਨਗੀ ਇੰਜ. ਜਗਦੀਸ਼ ਸਿੰਘ, ਸੰਯੁਕਤ ਡਾ.ਇਰੈਕਟਰ (ਇੰਜ:) ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਕਰਨਗੇ। ਇਹ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਡਾ. ਜਗਦੀਸ਼ ਸਿੰਘ ਨੇ ਕਿਹਾ ਕਿ ਇਸ ਕੈਂਪ ਵਿੱਚ ਬਰਨਾਲਾ ਜ਼ਿਲ੍ਹੇ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਭਾਗ ਲੈਣਗੇ। ਇਸ ਕੈਂਪ ਵਿੱਚ ਕਿਸਾਨਾਂ ਨੂੰ ਹਾੜੀ ਦੀਆਂ ਫਸਲਾਂ ਦੀ ਕਾਸ਼ਤ ਤੇ ਵਧੇਰੇ ਪੈਦਾਵਾਰ ਲੈਣ ਆਦਿ ਦੇ ਢੰਗ ਤਰੀਕਿਆਂ ਬਾਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਵੱਲੋਂ ਭਰਪੂਰ ਜਾਣਕਾਰੀ ਦਿੱਤੀ ਜਾਵੇਗੀ। ਇਸ ਕੈਂਪ ਵਿੱਚ ਖੇਤੀ ਨਾਲ ਸਬੰਧਤ ਸਰਕਾਰੀ ਵਿਭਾਗਾਂ ਵਲੋਂ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ ਅਤੇ ਕੇ.ਵੀ.ਕੇ ਹੰਡਿਆਇਆ ਵੱਲੋਂ ਵੱਖ- ਵੱਖ ਹਾੜੀ ਦੀਆਂ ਫਸਲਾਂ ਦੇ ਬੀਜ ਵੀ ਵਾਜਬ ਰੇਟਾਂ 'ਤੇ ਵਿਕਰੀ ਕੀਤੇ ਜਾਣਗੇ, ਡਾ. ਜਗਦੀਸ਼ ਸਿੰਘ, ਮੁੱਖ ਖੇਤੀਬਾੜੀ ਅਫਸਰ ਬਰਨਾਲਾ ਵੱਲੋਂ ਜ਼ਿਲ੍ਹੇ ਦੇ ਸਮੂਹ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਕੈਂਪ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਕੇ ਲਾਭ ਉਠਾਉਣ।