ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਵਿਦਿਆਰਥੀਆਂ ਦੇ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ ਗਏ

  • ਹਰ ਮੁਕਾਬਲੇ ਦੇ ਪਹਿਲੇ ਤਿੰਨ ਜੇਤੂ ਵਿਦਿਆਰਥੀਆਂ ਦਾ ਨਕਦ ਰਾਸ਼ੀ ਅਤੇ ਸਰਟੀਫਿਕੇਟ ਨਾਲ ਸਨਮਾਨ

ਬਰਨਾਲਾ,7 ਅਗਸਤ 2024 : ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਸ.ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸੂਬੇ ਦੇ ਭਾਸ਼ਾ ਵਿਭਾਗ ਡਾਇਰੈਕਟਰ ਸ.ਜਸਵੰਤ ਸਿੰਘ ਜ਼ਫ਼ਰ ਦੀਆਂ ਹਦਾਇਤਾਂ ਅਨੁਸਾਰ ਸਕੂਲੀ ਵਿਦਿਆਰਥੀਆਂ ਦੀਆਂ ਸਾਹਿਤਕ ਰੂਚੀਆਂ ਦੀ ਪ੍ਰਫੁਲਤਾ ਅਤੇ ਪੁਸਤਕ ਸੱਭਿਆਚਾਰ ਪੈਦਾ ਕਰਨ ਲਈ ਲਗਾਤਾਰ ਯਤਨਸ਼ੀਲ ਹੈ।ਇਹਨਾਂ ਯਤਨਾਂ ਅਧੀਨ ਜ਼ਿਲ੍ਹਾ ਭਾਸ਼ਾ ਦਫ਼ਤਰ ਬਰਨਾਲਾ ਵੱਲੋਂ ਸਕੂਲੀ ਵਿਦਿਆਰਥੀਆਂ ਦੇ ਜ਼ਿਲ੍ਹਾ ਪੱਧਰੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ ਗਏ। ਬਿੰਦਰ ਸਿੰਘ ਖੁੱਡੀ ਕਲਾਂ ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਕੂਲੀ ਵਿਦਿਆਰਥੀਆਂ ਦੇ  ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ ਵਾਈ.ਐੱਸ.ਜੈਨਐਕਸਟ ਸਕੂਲ ਬਰਨਾਲਾ ਵਿਖੇ ਕਰਵਾਏ ਗਏ।ਇਸ ਮੌਕੇ ਵਾਈ.ਐੱਸ ਸੰਸਥਾਵਾਂ ਦੇ ਰਿਸੋਰਸ ਮੈਨੇਜ਼ਰ ਮੈਡਮ ਸਵਰਨਜੀਤ ਕੌਰ ਅਤੇ ਪ੍ਰਿੰਸੀਪਲ ਪੂਜਾ ਵਰਮਾ ਵੱਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ। ਮੁਕਾਬਲਿਆਂ ਦੀ ਸ਼ੁਰੂਆਤ ਭਾਸ਼ਾ ਵਿਭਾਗ ਦੀ ਧੁਨ ਨਾਲ ਹੋਈ। ਬਿੰਦਰ ਸਿੰਘ ਖੁੱਡੀ ਕਲਾਂ ਨੇ ਸਮੂਹ ਹਾਜ਼ਰੀਨ ਨੂੰ ਜੀ ਆਇਆਂ ਕਹਿੰਦਿਆਂ ਮੁਕਾਬਲਿਆਂ ਬਾਰੇ ਵਿਸਥਾਰਿਤ ਜਾਣਕਾਰੀ ਸਾਂਝੀ ਕੀਤੀ।ਉਹਨਾਂ ਦੱਸਿਆ ਕਿ ਅੱਜ ਹੋ ਰਹੇ ਚਾਰ ਵੰਨਗੀਆਂ ਕਵਿਤਾ ਗਾਇਨ ਅਤੇ ਕਵਿਤਾ,ਕਹਾਣੀ ਅਤੇ ਲੇਖ ਲਿਖਣ ਦੇ ਮੁਕਾਬਲਿਆਂ ਵਿੱਚੋਂ ਪਹਿਲੀ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਸੂਬਾ ਪੱਧਰੀ ਮੁਕਾਬਲੇ ਵਿੱਚ ਸ਼ਮੂਲੀਅਤ ਕਰਨਗੇ। ਸਾਹਿਤ ਸਿਰਜਣ ਮੁਕਾਬਲਿਆਂ ਦੀ ਜੱਜਮੈਂਟ ਉੱਘੇ ਆਲੋਚਕ ਅਤੇ ਲੇਖਕ ਤੇਜਾ ਸਿੰਘ ਤਿਲਕ ਅਤੇ ਕਹਾਣੀਕਾਰ ਡਾ.ਭੁਪਿੰਦਰ ਸਿੰਘ ਬੇਦੀ ਸਹਾਇਕ ਪ੍ਰੋਫੈਸਰ ਸ਼੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਸੰਘੇੜਾ ਵੱਲੋਂ ਕੀਤੀ ਗਈ ਜਦਕਿ ਕਵਿਤਾ ਗਾਇਨ ਮੁਕਾਬਲਿਆਂ ਦੀ ਜੱਜਮੈਂਟ ਲੇਖਕ ਅਤੇ ਗਾਇਕ ਮਨਜੀਤ ਸਿੰਘ ਸਾਗਰ ਅਤੇ ਕਵੀ ਡਾ.ਰਾਮਪਾਲ ਸਿੰਘ ਸਹਾਇਕ ਪ੍ਰੋਫੈਸਰ ਯੂਨੀਵਰਸਿਟੀ ਕਾਲਜ,ਬਰਨਾਲਾ ਵੱਲੋਂ ਕੀਤੀ ਗਈ।ਜੱਜਾਂ ਦੀ ਜੱਜਮੈਂਟ ਅਨੁਸਾਰ ਕਵਿਤਾ ਗਾਇਨ ਮੁਕਾਬਲੇ ਵਿੱਚੋਂ ਸਰਕਾਰੀ ਹਾਈ ਸਕੂਲ ਸਹਿਜੜਾ ਦੀ ਵਿਦਿਆਰਥਣ ਚਰਨਕੰਵਲ ਕੌਰ ਨੇ ਪਹਿਲਾ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੌਲਾ ਦੀ ਵਿਦਿਆਰਥਣ ਸੁਖਮਨ ਕੌਰ ਨੇ ਦੂਜਾ ਅਤੇ ਸਰਕਾਰੀ ਹਾਈ ਸਕੂਲ ਜੰਗੀਆਣਾ ਦੇ ਵਿਦਿਆਰਥੀ ਗਗਨਦੀਪ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ।
ਕਵਿਤਾ ਸਿਰਜਣ ਮੁਕਾਬਲੇ ਵਿੱਚੋਂ ਸਰਕਾਰੀ ਹਾਈ ਸਕੂਲ ਸੰਘੇੜਾ ਦੀ ਵਿਦਿਆਰਥਣ ਮੁਸਕਾਨ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਦੁੱਨਾ ਦੀ ਵਿਦਿਆਰਥਣ ਪਰਦੀਪ ਕੌਰ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖਾ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ।ਕਹਾਣੀ ਲਿਖਣ ਮੁਕਾਬਲੇ 'ਚ ਸਰਕਾਰੀ ਹਾਈ ਸਕੂਲ ਦਰਾਜ ਦੀ ਵਿਦਿਆਰਥਣ ਹਰਮਨਜੀਤ ਕੌਰ ਨੇ ਪਹਿਲਾ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਖਪੁਰ ਦੀ ਵਿਦਿਆਰਥਣ ਗਗਨਦੀਪ ਕੌਰ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂੰਮ ਦੀ  ਵਿਦਿਆਰਥਣ ਏਕਨੂਰ ਨੇ ਤੀਜਾ ਸਥਾਨ ਹਾਸਿਲ ਕੀਤਾ।ਇਸੇ ਤਰ੍ਹਾਂ ਲੇਖ ਲਿਖਣ ਮੁਕਾਬਲੇ ਵਿੱਚੋਂ  ਸਰਕਾਰੀ ਹਾਈ ਸਕੂਲ ਉੱਗੋਕੇ ਦੀ ਵਿਦਿਆਰਥਣ ਦਿਲਪ੍ਰੀਤ ਕੌਰ ਨੇ ਪਹਿਲਾ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ ਬਰਨਾਲਾ ਦੇ ਵਿਦਿਆਰਥੀ ਗੁਰਵਿੰਦਰ ਸਿੰਘ ਨੇ ਦੂਜਾ ਅਤੇ ਸਰਕਾਰੀ ਹਾਈ ਸਕੂਲ ਤਲਵੰਡੀ ਦੇ ਵਿਦਿਆਰਥੀ ਸਹਿਬਾਜ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ।ਚਾਰੇ ਵਰਗਾਂ ਦੇ ਪਹਿਲੇ ਤਿੰਨ ਜੇਤੂਆਂ ਨੂੰ ਕ੍ਰਮਵਾਰ 1000/-,750/- ਅਤੇ 500/- ਰੁਪਏ ਦੀ ਨਕਦ ਰਾਸ਼ੀ ਤੋਂ ਇਲਾਵਾ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ।ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਮੁਕਾਬਲਿਆਂ ਦੇ ਜੱਜਾਂ ਅਤੇ ਮੁਕਾਬਿਲਆਂ ਦੇ ਸੰਚਾਲਨ 'ਚ ਸਹਿਯੋਗ ਕਰਨ ਵਾਲੀਆਂ ਸਮੂਹ ਸਖਸ਼ੀਅਤਾਂ ਦਾ ਵਿਭਾਗੀ ਪੁਸਤਕਾਂ ਨਾਲ ਸਨਮਾਨ ਕੀਤਾ ਗਿਆ। ਮੰਚ ਸੰਚਾਲਨ ਦਾ ਫਰਜ਼ ਹਰਦੀਪ ਕੁਮਾਰ ਪੰਜਾਬੀ ਮਾਸਟਰ ਵੱਲੋਂ ਨਿਭਾਇਆ ਗਿਆ। ਮੁਕਾਬਲਿਆਂ ਦੇ ਜੱਜਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਵਿਤਾ ਗਾਇਨ ਅਤੇ ਸਾਹਿਤ ਸਿਰਜਣ ਦੀਆਂ ਬਾਰੀਕੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ।ਗੁਰਪਾਲ ਸਿੰਘ ਬਿਲਾਵਲ,ਅੰਜਨਾ ਮੈਨਨ,ਡਾ.ਹਰੀਸ਼,ਕੁਲਦੀਪ ਰਾਣੀ,ਬਲਜਿੰਦਰ ਪ੍ਰਭੂ, ਪਰਮਜੀਤ ਕੌਰ ਸਰਕਾਰੀ ਹਾਈ ਸਕੂਲ ਤਲਵੰਡੀ,ਪਰਮਜੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੌਲਾ,ਕਿਰਨਦੀਪ ਕੌਰ ਸਰਕਾਰੀ ਹਾਈ ਸਕੂਲ ਸਹਿਜੜਾ ਅਤੇ ਬਲਜੀਤ ਸਿੰਘ ਅਕਲੀਆ ਨੇ ਆਪਣੇ ਸੰਬੋਧਨ 'ਚ ਜ਼ਿਲ੍ਹਾ ਭਾਸ਼ਾ ਦਫ਼ਤਰ ਦੇ ਉਪਰਾਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਨ ਅਤੇ ਉਹਨਾਂ ਦੀਆਂ ਰਚਨਾਤਮਕ ਰੁਚੀਆਂ ਦੇ ਵਿਕਾਸ ਦਾ ਸਬੱਬ ਬਣਦੇ ਹਨ।ਇਸ ਮੌਕੇ ਵਿਦਿਆਰਥੀਆਂ ਦੇ ਅਗਵਾਈਕਾਰ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਤੋਂ ਇਲਾਵਾ ਜਗਦੇਵ ਸਿੰਘ ਸੀਨੀਅਰ ਸਹਾਇਕ,ਸੰਦੀਪ ਕੌਰ ਕਲਰਕ ਅਤੇ ਭਾਸ਼ਾ ਦਫ਼ਤਰ ਦੇ ਕਰਮਚਾਰੀ ਗੋਬਿੰਦ ਸਿੰਘ ਅਤੇ ਗੁਰਪ੍ਰੀਤ ਕੌਰ ਵੀ ਹਾਜ਼ਰ ਸਨ।