ਜਿਲ੍ਹੇ ਵਿੱਚ ਲੋੜ ਮੁਤਾਬਿਕ ਗੈਸ ਅਤੇ ਤੇਲ ਦੇ ਪਰਿਯਾਪਤ ਭੰਡਾਰ ਹਨ- ਡੀ.ਐਫ.ਐਸ.ਸੀ

  • ਟਰੱਕਾਂ ਦੀ ਹੜਤਾਲ ਦੇ ਚਲਦਿਆਂ ਘਬਰਾਉਣ ਦੀ ਜਰੂਰਤ ਨਹੀਂ

ਫ਼ਰੀਦਕੋਟ 02 ਜਨਵਰੀ : ਤੇਲ ਅਤੇ ਗੈਸ ਦੇ ਟਰੱਕਾਂ ਦੇ ਡਰਾਈਵਰਾਂ ਵੱਲੋਂ 31 ਦਸੰਬਰ 2023 ਤੋਂ ਹੜਤਾਲ ਦੇ ਕਾਰਨ ਜ਼ਿਲਾ ਫਰੀਦਕੋਟ ਦੇ ਵਾਸੀਆਂ ਵਿੱਚ ਘਬਰਾਹਟ ਦੇ ਮੱਦੇਨਜ਼ਰ ਜ਼ਿਲਾ ਖੁਰਾਕ ਅਤੇ ਸਪਲਾਈ ਕੰਟਰੋਲਰ ਵੰਦਨਾ ਕੰਬੋਜ ਨੇ ਦੱਸਿਆ ਕਿ ਜ਼ਿਲ੍ਹਾ ਵਾਸੀਆਂ ਨੂੰ ਘਬਰਾਉਣ ਦੀ ਜਰੂਰਤ ਨਹੀਂ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ 111 ਪੈਟਰੋਲ ਪੰਪ ਹਨ ਅਤੇ 17 ਗੈਸ ਏਜੰਸੀਆਂ ਹਨ। ਉਹਨਾਂ ਦੱਸਿਆ ਕਿ ਇਹਨਾਂ ਗੈਸ ਏਜੰਸੀਆਂ ਅਤੇ ਪੰਪਾਂ ਵਿੱਚ ਪਰਿਯਾਪਤ ਮਾਤਰਾ ਵਿੱਚ ਤੇਲ ਅਤੇ ਗੈਸ ਦਾ ਭੰਡਾਰ ਹਨ। ਉਹਨਾਂ ਦੱਸਿਆ ਕਿ ਆਇਲ ਮਾਰਕੀਟਿੰਗ ਕੰਪਨੀਆਂ ਜਿਵੇਂ ਕਿ ਆਈ.ਓ.ਸੀ.ਐਲ, ਬੀ.ਪੀ.ਸੀ.ਐਲ ਅਤੇ ਐਚ.ਪੀ.ਸੀ.ਐਲ ਪੈਟਰੋਲੀਅਮ ਉਤਪਾਦ ਜਿਵੇਂ ਕਿ ਪੈਟਰੋਲ, ਡੀਜ਼ਲ, ਐਲ.ਪੀ.ਜੀ ਆਪਣੇ ਆਇਲ ਟਰਮੀਨਲ ਅਤੇ ਬੋਟਲਿੰਗ ਪਲਾਂਟਾਂ ਵਿੱਚ ਇਹਨਾਂ ਚੀਜਾਂ  ਨੂੰ ਉਪਲਬਧ ਕਰਵਾ ਰਿਹਾ ਹੈ। ਉਹਨਾਂ ਦੱਸਿਆ ਕਿ ਇਹ ਵਸਤੂਆਂ (ਪੈਟਰੋਲ,ਡੀਜ਼ਲ,ਗੈਸ) ਅਸੈਂਸ਼ੀਅਲ ਕਮੋਡੀਟੀ ਐਕਟ (ਜਰੂਰੀ ਵਸਤੂ ਐਕਟ) 1995 ਅਧੀਨ ਆਉਂਦੀਆਂ ਹਨ ਜਿਸ ਦੇ ਤਹਿਤ ਇਹਨਾਂ ਨੂੰ ਹਰ ਹਾਲਤ ਵਿੱਚ ਲੋਕਾਂ ਤੱਕ ਪਹੁੰਚਾਉਣਾ ਜਰੂਰੀ ਹੈ। ਉਹਨਾਂ ਲੋਕਾਂ ਨੂੰ ਬੇਨਤੀ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਵਿੱਚ ਆ ਕੇ ਇਹਨਾਂ ਚੀਜ਼ਾਂ ਦੀ ਵਾਧੂ ਖਰੀਦ ਨਾ ਕੀਤੀ ਜਾਵੇ, ਪਰੰਤੂ ਨਾਲ ਹੀ ਉਨਾਂ ਕਿਹਾ ਕਿ ਇਹਨਾਂ ਦਾ ਲੋੜ ਮੁਤਾਬਿਕ ਇਸਤੇਮਾਲ ਕੀਤਾ ਜਾਵੇ।