ਜ਼ਿਲ੍ਹਾ ਰੋਜ਼ਗਾਰ ਬਿਊਰੋ ਵੱਲੋਂ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀ ਜਾਗਰੂਕਤਾ ਅਭਿਆਨ ਜਾਰੀ 

  • ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ, ਰੱਖਿਆ ਸੈਨਾਵਾਂ ਵਿੱਚ ਭਰਤੀ, ਨਿੱਜੀ ਅਤੇ ਸਰਕਾਰੀ ਖੇਤਰ ਵਿੱਚ ਨੌਕਰੀਆਂ ਦੇ ਮੌਕਿਆਂ ਬਾਰੇ ਕੀਤਾ ਜਾ ਰਿਹਾ ਹੈ ਜਾਗਰੂਕ 

ਸੰਗਰੂਰ, 20 ਦਸੰਬਰ : ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀ ਜਾਗਰੂਕਤਾ ਅਭਿਆਨ ਸ਼ੁਰੂ ਕੀਤਾ ਗਿਆ ਹੈ। ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਸਿੰਪੀ ਸਿੰਗਲਾ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਅਭਿਆਨ ਦਾ ਮੁੱਖ ਉਦੇਸ਼ ਸੰਗਰੂਰ ਜ਼ਿਲ੍ਹੇ ਦੇ 9 ਵਿਦਿਅਕ ਬਲਾਕਾਂ ਦੇ ਸਮੂਹ ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਕੈਰੀਅਰ ਕਾਊਂਸਲਿੰਗ ਪ੍ਰਦਾਨ ਕਰਨਾ ਹੈ।ਇਸ ਅਭਿਆਨ ਦੀ ਸ਼ੁਰੂਆਤ ਵਿੱਚ ਧੂਰੀ ਬਲਾਕ ਦੇ 18 ਸਕੂਲਾਂ ਦੇ ਕੁੱਲ 1080 ਵਿਦਿਆਰਥੀਆਂ ਨੂੰ ਕੈਰੀਅਰ ਕਾਊਂਸਲਿੰਗ ਮੁਹੱਈਆ ਕਰਵਾਈ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਬਾਕੀ ਰਹਿ ਗਏ ਐਜੂਕੇਸ਼ਨਲ ਬਲਾਕਾਂ ਵਿਖੇ ਜਨਵਰੀ 2024 ਦੌਰਾਨ ਕੈਰੀਅਰ ਕਾਊਂਸਲਿੰਗ ਪ੍ਰਦਾਨ ਕੀਤੀ ਜਾਵੇਗੀ।ਉਨ੍ਹਾਂ ਅੱਗੇ ਦੱਸਿਆ ਕਿ ਇਸ ਅਭਿਆਨ ਤਹਿਤ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ, ਰੱਖਿਆ ਸੈਨਾਵਾਂ ਵਿੱਚ ਭਰਤੀ, ਨਿੱਜੀ ਅਤੇ ਸਰਕਾਰੀ ਖੇਤਰ ਵਿੱਚ ਨੌਕਰੀਆਂ ਦੇ ਮੌਕੇ, ਸਵੈ ਰੋਜ਼ਗਾਰ ਅਤੇ ਸਕਿੱਲ ਟ੍ਰੇਨਿੰਗ ਅਤੇ ਅਗਲੇਰੀ ਪੜ੍ਹਾਈ ਅਤੇ ਪ੍ਰੋਫੈਸ਼ਨਲ ਕੋਰਸਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ।  ਇਸ ਦੌਰਾਨ ਕੁਲਦੀਪ ਸਿੰਘ (ਇੰਸਟਰਕਟਰ, ਸ਼ਹੀਦ ਊਧਮ ਸਿੰਘ ਸਰਕਾਰੀ ਆਈ.ਟੀ.ਆਈ., ਸੁਨਾਮ), ਅਸ਼ਵਨੀ ਕੁਮਾਰ (ਲੈਕਚਰਾਰ ਐਜੂਕੇਸ਼ਨਲ ਵਿਭਾਗ), ਜਗਸੀਰ ਸਿੰਘ (ਬਲਾਕ ਗਾਇਡੈਂਸ ਕਾਊਂਸਲਰ), ਗਗਨਦੀਪ ਸਿੰਘ (ਬੀ.ਐੱਲ.ਈ.ਓ.) ਜ਼ਿਲ੍ਹਾ ਉਦਯੋਗ ਕੇਂਦਰ, ਮੰਗਤ ਸਿੰਘ (ਇੰਸਟਰਕਟਰ ਸ਼ਹੀਦ ਊਧਮ ਸਿੰਘ ਸਰਕਾਰੀ ਆਈ.ਟੀ.ਆਈ., ਸੁਨਾਮ) ਅਤੇ  ਬਿਕਰਮਜੀਤ ਸਿੰਘ (ਕਰੀਅਰ ਕਾਊਂਸਲਰ, ਡੀ.ਬੀ.ਈ.ਈ. ਸੰਗਰੂਰ) ਆਦਿ ਮੌਜੂਦ ਸਨ।