ਜ਼ਿਲ੍ਹਾ ਸਿੱਖਿਆ ਅਫਸਰ ਸ. ਮੇਵਾ ਸਿੰਘ ਨੇ ਕੀਤੀ ਸਕੂਲ ਦੀ ਅਚਨਚੇਤ ਚੈਕਿੰਗ

ਫ਼ਰੀਦਕੋਟ 03 ਜਨਵਰੀ : ਜਿਲਾ ਸਿੱਖਿਆ ਅਫਸਰ (ਸੀਨੀ.ਸਕੈ) ਸ. ਮੇਵਾ ਸਿੰਘ ਨੇ ਚੰਦ ਸਿੰਘ ਮਰਵਾਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੀ ਅਚਨਚੇਤ ਚੈਕਿੰਗ ਕੀਤੀ। ਚੈਕਿੰਗ ਦੌਰਾਨ ਸਕੂਲ ਦਾ ਸਾਰਾ ਸਟਾਫ ਹਾਜ਼ਰ ਪਾਇਆ ਗਿਆ। ਮੇਵਾ ਸਿੰਘ ਨੇ ਦੱਸਿਆ ਕਿ ਚੈਕਿੰਗ ਦੌਰਾਨ ਸੀਨੀਅਰ ਜਮਾਤਾਂ ਵਿੱਚ ਪ੍ਰੋਜੈਕਟ ਦੁਆਰਾ ਪੜਾਇਆ ਜਾ ਰਿਹਾ ਸੀ। ਇਸ ਮੌਕੇ ਅਧਿਆਪਕਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਮਿਸ਼ਨ ਸਮਰੱਥ ਬਾਰੇ ਚਰਚਾ ਕੀਤੀ। ਬੱਚਿਆਂ ਨੂੰ ਸੰਬੋਧਿਤ ਹੁੰਦਿਆਂ ਉਨ੍ਹਾਂ ਕਿਹਾ ਕਿ ਪੜ੍ਹਾਈ ਦੀਆਂ ਕਿਤਾਬਾਂ ਤੋਂ ਇਲਾਵਾ ਹੋਰ ਕਿਤਾਬਾਂ ਨੂੰ ਪੜਨ ਵਿੱਚ ਵੀ ਬੱਚਿਆਂ ਨੂੰ ਰੁਚੀ ਰੱਖਣੀ ਚਾਹੀਦੀ ਹੈ। ਅਧਿਆਪਕਾਂ ਨੇ ਡੀ.ਈ.ਓ ਸ. ਮੇਵਾ ਸਿੰਘ ਨੂੰ ਜਾਣੂ ਕਰਵਾਇਆ ਕਿ ਸਕੂਲ ਵਿੱਚ ਦੋ ਰੋਜ਼ਾ ਐਨ.ਐਸ.ਐਸ ਕੈਂਪ ਲਗਾਇਆ ਗਿਆ ਸੀ। ਉਨਾਂ ਨੇ ਕੈਂਪ ਵਿੱਚ ਭਾਗ ਲੈਣ ਵਾਲੇ ਬੱਚਿਆਂ ਦੀ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਅੱਠਵੀਂ, ਦਸਵੀਂ ਅਤੇ ਬਾਰਵੀਂ ਜਮਾਤ ਵਿੱਚ ਪੰਜਾਬ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ 51000 ਰਪਏ ਨਕਦ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ।