ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਕਾਰਜ ਚਲਾ ਰਿਹੈ ਜ਼ੋਰਾਂ 'ਤੇ

  • ਵੱਖ-ਵੱਖ ਪਿੰਡਾਂ ਵਿੱਚ ਲਗਾਏ ਲੰਗਰ-ਡਿਪਟੀ ਕਮਿਸ਼ਨਰ

ਮੋਗਾ, 13 ਜੁਲਾਈ : ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਜ਼ਿਲ੍ਹਾ ਮੋਗਾ ਵਿੱਚ ਹੜ੍ਹ ਤੋਂ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੀ ਸੁਰੱਖਿਆ ਅਤੇ ਉਨ੍ਹਾਂ ਤੱਕ ਰਸਦ ਵਸਤਾਂ ਪਹੁੰਚਾਉਣ ਲਈ ਦਿਨ ਰਾਤ ਕੰਮ ਕਰ ਰਿਹਾ ਹੈ। ਜ਼ਿਲ੍ਹਾ ਮੋਗਾ ਵਿੱਚ ਧਰਮਕੋਟ ਦੇ ਦਰਿਆ ਦੇ ਲਾਗਲੇ ਪਿੰਡਾਂ ਦੇ ਲੋਕ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਹਨ ਜਿਨ੍ਹਾਂ ਨਾਲ ਜ਼ਿਲ੍ਹਾ ਪ੍ਰਸ਼ਾਸ਼ਨ ਲਗਾਤਾਰ ਪਹੁੰਚ ਬਣਾ ਕੇ ਹਰ ਸੰਭਵ ਸਹਾਇਤਾ ਕਰ ਰਿਹਾ ਹੈ। ਉਨ੍ਹਾਂ ਦੀ 24 ਘੰਟੇ ਸਹਾਇਤਾ ਲਈ ਮੈਡੀਕਲ ਟੀਮਾਂ ਦੀ ਤਾਇਨਾਤੀ ਤੋਂ ਇਲਾਵਾ ਫਲੱਡ ਕੰਟਰੋਲ ਰੂਮ ਵੀ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਨਿੱਤ ਦਿਨ ਵਾਂਗ ਅੱਜ ਪਿੰਡ ਮੰਡੇਰ ਕਲਾਂ, ਰਾਹਤ ਕੇਂਦਰ ਭੈਣੀ, ਕੋਟ ਈਸੇ ਖਾਂ, ਦੌਲੇਵਾਲਾ ਕਲਾਂ, ਬੱਗੇ, ਮੰਡੇਰ ਕਲਾਂ ਆਦਿ ਵਿਖੇ ਲੰਗਰ ਲਗਾਉਣ ਤੋਂ ਇਲਾਵਾ ਖਾਣ-ਪੀਣ ਦੀਆਂ ਵਸਤਾਂ ਜਿਵੇਂ ਕਿ ਬਿਸਕੁਟ, ਪਾਣੀ ਦੀਆਂ ਬੋਤਲਾਂ, ਕੇਲੇ ਆਦਿ ਦੀ ਵੰਡ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੜ੍ਹ ਪੀੜ੍ਹਤਾਂ ਦੀ ਸਹਾਇਤਾ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਨਾਲ ਜ਼ਿਲ੍ਹੇ ਦੀਆਂ ਐਨ.ਜੀ.ਓ.ਜ਼, ਆਮ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਹਨ।ਸਤਲੁਜ ਦਰਿਆ ਲਾਗਲੇ ਪਿੰਡਾਂ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਦੇ ਰਾਹਤ ਕਾਰਜ ਲਗਾਤਾਰ ਚਲਾਏ ਜਾ ਰਹੇ ਹਨ।