ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਰਾਹਤ ਸਮੱਗਰੀ ਦੀ ਵੰਡ ਜਾਰੀ, ਸਤਲੁਜ ਦਾ ਪਾਣੀ ਉਤਰਣਾ ਸ਼ੁਰੂ

  • ਵਿਧਾਇਕਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਨ ਪਿੰਡਾਂ ਦੇ ਦੌਰੇ
  • 3200 ਤੋਂ ਵੱਧ ਰਾਸ਼ਨ ਕਿੱਟਾਂ, 3000 ਪਸ਼ੂ ਫੀਡ ਬੈਗ, ਹਰਾ ਚਾਰਾ, 805 ਤਰਪਾਲਾਂ ਵੰਡੀਆਂ
  • ਐਨ.ਜੀ.ਓਜ਼ ਵੱਲੋਂ ਵੀ ਕੀਤੀ ਜਾ ਰਹੀ ਹੜ੍ਹ ਪੀੜਤਾਂ ਦੀ ਮਦਦ
  • ਹਰੀ ਕੇ ਹੈਡ ਵਰਕਸ ਤੋਂ ਪਾਣੀ ਦੀ ਨਿਕਾਸੀ ਘੱਟ ਕੇ 44577 ਕਿਉਸਿਕ ਹੋਈ 

ਫ਼ਿਰੋਜ਼ਪੁਰ, 19 ਜੁਲਾਈ : ਸਤਲੁਜ ਦਰਿਆ ‘ਚ ਪਹਿਲਾਂ ਦੇ ਮੁਕਾਬਲੇ ਪਾਣੀ ਦਾ ਪੱਧਰ ਘੱਟ ਹੋਇਆ ਹੈ। ਹਰੀ ਕੇ ਹੈਡਵਰਕਸ ਤੋਂ ਪਾਣੀ ਦੀ ਨਿਕਾਸੀ ਘੱਟ ਕੇ 44577 ਕਿਉਸਿਕ ਅਤੇ ਹੁਸੈਨੀਵਾਲਾ ਹੈਡ ਵਰਕਸ ਤੋਂ 38143 ਕਿਉਸਿਕ ਰਹਿ ਗਈ ਹੈ। ਪਾਣੀ ਦਾ ਪੱਧਰ ਘਟਣ ‘ਤੇ ਰਾਹਤ ਕਾਰਜਾਂ ਵਿੱਚ ਹੋਰ ਤੇਜ਼ੀ ਲਿਆਂਦੀ ਗਈ ਹੈ। ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪ੍ਰਸ਼ਾਸਨ ਵੱਲੋਂ 3200 ਤੋਂ ਵੱਧ ਰਾਸ਼ਨ ਕਿੱਟਾਂ, ਤਿਆਰ ਕੀਤਾ ਨਾਸ਼ਤਾ, 3000 ਦੇ ਕਰੀਬ ਪਸ਼ੂਆਂ ਲਈ ਫੀਡ ਬੈਗ, ਹਰਾ ਚਾਰਾ ਅਤੇ 805 ਤਰਪਾਲਾਂ ਵੰਡੀਆਂ ਗਈਆਂ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸੇ ਵੀ ਹੜ੍ਹ ਪੀੜ੍ਹਤ ਨੂੰ ਲੋੜੀਂਦੇ ਸਮਾਨ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਵਿਧਾਇਕਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਲਗਾਤਾਰ ਵੱਖ ਵੱਖ ਪਿੰਡਾਂ ਦਾ ਦੌਰਾ ਕਰਕੇ ਰਾਹਤ ਸਮੱਗਰੀ ਪਿੰਡਾਂ ਦੇ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ। ਉਨ੍ਹਾਂ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਤੇ ਪ੍ਰਸ਼ਾਸਨ ਹਰ ਵੇਲੇ ਉਨ੍ਹਾਂ ਨਾਲ ਖੜ੍ਹਾ ਹੈ। ਉਨ੍ਹਾਂ ਦੱਸਿਆ ਕਿ ਲੋੜਵੰਦਾਂ ਨੂੰ ਹੁਣ ਤੱਕ 3217 ਦੇ ਕਰੀਬ ਰਾਸ਼ਨ ਕਿੱਟਾਂ ਵੰਡੀਆਂ ਗਈਆਂ ਹਨ ਜਿਸ ਵਿੱਚ 460 ਰਾਸ਼ਨ ਕਿੱਟਾਂ ਫ਼ਿਰੋਜ਼ਪੁਰ ਸ਼ਹਿਰ, 100 ਰਾਸ਼ਨ ਕਿੱਟਾਂ ਗੁਰੂਹਰਸਹਾਏ, 1537 ਰਾਸ਼ਨ ਕਿੱਟਾਂ ਮੱਖੂ, 560 ਰਾਸ਼ਨ ਕਿੱਟਾਂ ਮਮਦੋਟ, 300 ਰਾਸ਼ਨ ਕਿੱਟਾਂ ਮੱਲਾਂਵਾਲਾ, 150 ਰਾਸ਼ਨ ਕਿੱਟਾਂ ਫਤਿਹਗੜ੍ਹ ਸਭਰਾ, 110 ਰਾਸ਼ਨ ਕਿੱਟਾਂ ਆਰਿਫ਼ ਕੇ ਤੇ ਰੁਕਣੇ ਵਾਲਾ ਵਿਖੇ ਵੰਡੀਆਂ ਗਈਆਂ ਹਨ। ਇਸੇ ਤੋਂ ਇਲਾਵਾ 3000 ਤੋਂ ਵੱਧ ਪਸ਼ੂਆਂ ਦੇ ਫੀਡ ਬੈਗ ਅਤੇ ਹਰੇ ਚਾਰੇ ਦੀ ਵੰਡ ਕੀਤੀ ਗਈ ਹੈ ਅਤੇ 2000 ਲੋਕਾਂ ਲਈ ਲੰਗਰ ਵਾਸਤੇ ਕੱਚਾ ਰਾਸ਼ਨ ਗੁਰੂਦੁਆਰਿਆਂ ਵਿਖੇ ਉਪਲੱਬਧ ਕਰਾਇਆ ਗਿਆ। ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ 805 ਦੇ ਕਰੀਬ ਤਰਪਾਲਾਂ ਵੰਡੀਆਂ ਗਈਆਂ ਅਤੇ ਰਾਹਤ ਸਮੱਗਰੀ ਦੀ ਵੰਡ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਤੋਂ ਇਲਾਵਾ ਕਈ ਧਾਰਮਿਕ ਤੇ ਸਮਾਜਸੇਵੀ ਸੰਸਥਾਵਾਂ ਵੱਲੋਂ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਵੱਡੀ ਪੱਧਰ ‘ਤੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਬਾਰਿਸ਼ਾਂ ਅਤੇ ਹੜ੍ਹ ਨਾਲ ਅੰਦਾਜਨ 86 ਪਿੰਡਾਂ ਦਾ 13042 ਹੈਕਟੇਅਰ ਹੈਕਟੇਅਰ ਰਕਬਾ ਪ੍ਰਭਾਵਿਤ ਹੋਇਆ ਹੈ ਜਿਸ ਵਿੱਚੋਂ 11418 ਰਕਬਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਇਸ ਪ੍ਰਭਾਵਿਤ ਹੋਏ ਰਕਬੇ ਹੇਠ ਝੋਨਾ, ਮੱਕੀ, ਸਬਜੀਆਂ, ਪੁਦੀਨਾ ਅਤੇ ਮੂੰਗੀ ਦੀ ਫਸਲ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਹਰ ਕਿਸਮ ਦੀ ਸਹਾਇਤਾ ਕਰਨੀ ਸਰਕਾਰ ਅਤੇ ਪ੍ਰਸ਼ਾਸਨ ਦੀ ਪਹਿਲ ਹੈ। ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਸਮੂਹ ਐਸ.ਡੀ.ਐਮਜ਼. ਨੂੰ ਹਦਾਇਤ ਕੀਤੀ ਗਈ ਹੈ ਕਿ ਫੀਲਡ ਸਟਾਫ਼ ਪਾਸੋਂ ਹੜ੍ਹਾਂ /ਭਾਰੀ ਬਾਰਿਸ਼ ਕਾਰਨ ਮਨੁੱਖੀ ਜਾਨਾਂ/ਪਸ਼ੂਆਂ/ਮਕਾਨਾਂ ਦੇ ਹੋਏ ਨੁਕਸਾਨ ਦੀ ਪੜਤਾਲ ਤੁਰੰਤ ਕਰਕੇ ਫੰਡਜ਼ ਪ੍ਰਾਪਤ ਕਰ ਲਏ ਜਾਣ ਤਾਂ ਜੋ ਮੁਆਵਜੇ ਦੀ ਅਦਾਇਗੀ ਜਲਦੀ ਕੀਤੀ ਜਾ ਸਕੇ।