ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਸਮੇਂ ਦੀ ਮੁੱਖ ਲੋੜ : ਖੇਤੀ ਮਾਹਰ

  • ਖੇਤੀਬਾੜੀ ਵਿਭਾਗ ਵੱਲੋਂ ਦਾਣਾ ਮੰਡੀ ਖਮਾਣੋਂ ਵਿਖੇ ਝੋਨੇ ਦੀ ਸਿੱਧੀ ਬਿਜਾਈ ਲਈ ਕਰਵਾਈ ਕਿਸਾਨ ਗੋਸ਼ਟੀ

ਖਮਾਣੋਂ, 26 ਮਈ : ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਦਾਣਾ ਮੰਡੀ ਖਮਾਣੋਂ ਵਿਖੇ ਆਤਮਾ ਸਕੀਮ ਅਧੀਨ ਬਲਾਕ ਪੱਧਰੀ ਕਿਸਾਨ ਗੋਸ਼ਟੀ ਕਰਵਾਈ ਗ। ਜਿਸ ਵਿੱਚ ਵੱਖ-ਵੱਖ ਖੇਤੀ ਮਾਹਰਾਂ ਨੇ ਧਰਤੀ ਹੇਠਲਾ ਪਾਣੀ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਨੂੰ ਅਤਿ ਜਰੂਰੀ ਦੱਸਿਆ। ਇਸ ਕਿਸਾਨ ਗੋਸ਼ਟੀ ਵਿੱਚ ਖੇਤੀਬਾੜੀ ਅਫਸਰ ਡਾ: ਜਸਵਿੰਦਰ ਸਿੰਘ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਤਕਨੀਕੀ ਜਾਣਕਾਰੀ ਦਿੰਦਿਆਂ ਧਰਤੀ ਹੇਠਲੇ ਪਾਣੀ ਦੇ ਗਿਰਦੇ ਪੱਧਰ ਨੂੰ ਸੰਭਾਲਣ ਲਈ ਵੱਧ ਤੋਂ ਵੱਧ ਰਕਬਾ ਸਿੱਧੀ ਬਿਜਾਈ ਹੇਠ ਲਿਆਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਦਾ ਇੱਕੋ ਮੰਤਵ ਪਾਣੀ ਦੀ ਸੰਜਮ ਨਾਲ ਵਰਤੋਂ ਕਰਕੇ ਧਰਤੀ ਨੂੰ ਬੰਜਰ ਹੋਣ ਤੋਂ ਰੋਕਣਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਬਚਾ ਕੇ ਪੰਜਾਬ ਦੀ ਖੁਸ਼ਹਾਲੀ ਕਾਇਮ ਰੱਖਣ ਵਿੱਚ ਯੋਗਦਾਨ ਪਾਉਣਾ ਹੈ। ਉਨ੍ਹਾਂ ਮੋਟੇ ਅਨਾਜ ਦੀ ਪੈਦਾਵਾਰ, ਪੀ.ਐਮ. ਕਿਸਾਨ ਸਕੀਮ ਬਾਰੇ ਵੀ ਵਿਚਾਰ ਸਾਂਝੇ ਕੀਤੇ। ਇਸ ਕਿਸਾਨ ਗੋਸ਼ਟੀ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਾਇਕ ਪ੍ਰੋਫੈਸਰ ਡਾ: ਅਜੇ ਕੁਮਾਰ ਨੇ ਮਿੱਟੀ ਅਤੇ ਪਾਣੀ ਦੀ ਪਰਖ ਕਰਵਾ ਕੇ ਮਿੱਟੀ ਸਿਹਤ ਕਾਰਡ ਬਣਾਉਣ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਸਾਨਾਂ ਨੂੰ ਝੋਨੇ ਦਾ ਬੀਜ ਸੋਧ ਕੇ ਬੀਜਣ ਅਤੇ ਝੋਨੇ ਦੀ ਫਸਲ ਵਿੱਚ ਖਾਦਾਂ ਦੀ ਘਾਟ ਨੂੰ ਪੂਰਾ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਿਫਾਰਸ਼ ਅਨੁਸਾਰ ਸਹੀ ਮਿਕਦਾਰ ਵਿੱਚ ਖਾਦਾਂ ਪਾਉਣ ਬਾਰੇ ਤਕਨੀਕੀ ਜਾਣਕਾਰੀ ਦਿੱਤੀ। ਉਨ੍ਹਾਂ ਕਿਸਾਨਾਂ ਨੂੰ ਸਾਉਣੀ ਦੀਆਂ ਫਸਲਾਂ ਵਿੱਚ ਖਾਦਾਂ ਦੀ ਸੁਚੱਜੀ ਵਰਤੋਂ ਬਾਰੇ ਅਤੇ ਲੋੜ ਅਨੁਸਾਰ ਖਾਦਾਂ ਪਾਉਣ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਡਿਪਟੀ ਪ੍ਰੋਜੈਕਟ ਡਾਇਰੈਕਟਰ ਆਤਮਾ ਸ਼੍ਰੀ ਹਰਮਨਜੀਤ ਸਿੰਘ ਨੇ ਖੇਤੀਬਾੜੀ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਅਤੇ ਝੋਨੇ ਦੀ ਸਿੱਧੀ ਬਿਜਾਈ ਅਤੇ ਫਸਲੀ ਵਿਭਿੰਨਤਾ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500/-ਰੁਪਏ ਪ੍ਰਤੀ ਏਕੜ ਸਬਸਿਡੀ/ਪ੍ਰੋਤਸਾਹਨ ਰਾਸ਼ੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਦਾ ਲਾਭ ਲੈਣ ਲਈ ਪੋਰਟਲ ਤੇ ਰਜਿਸਟਰੇਸ਼ਨ ਕਰਵਾਉਣੀ ਲਾਜ਼ਮੀ ਹੈ। ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ) ਸ਼੍ਰੀ ਗੁਰਅੰਸ਼ਪ੍ਰੀਤ ਸਿੰਘ ਸੇਠੀ ਨੇ ਪਸ਼ੂਆਂ ਨੂੰ ਹੋਣ ਵਾਲੀਆਂ ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ ਬਾਰੇ ਦੱਸਿਆ । ਉਨ੍ਹਾਂ ਕਿਸਾਨਾਂ ਨੂੰ ਗੋਬਰਧਨ ਸਕੀਮ ਬਾਰੇ ਵੀ ਜਾਣਕਾਰੀ ਦਿੱਤੀ। ਇਫਕੋ ਦੇ ਫੀਲਡ ਅਫਸਰ ਹਿਮਾਂਸ਼ੂ ਜੈਨ ਨੇ ਇਫਕੋ ਨੈਨੋ ਯੂਰੀਆ, ਨੈਨੋ ਡੀ.ਏ.ਪੀ. ਅਤੇ ਪਰਾਲੀ ਨੂੰ ਗਾਲਣ ਵਾਲੇ ਬਾਇਓ ਡੀ ਕੰਪੋਜਰ ਬਾਰੇ ਤਕਨੀਕੀ ਜਾਣਕਾਰੀ ਦਿੱਤੀ। ਇਸ ਮੌਕੇ ਕਿਸਾਨ ਆਗੂ ਸ਼੍ਰੀ ਸਰਬਜੀਤ ਸਿੰਘ ਨੇ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਚਰਚਾ ਕੀਤੀ। ਉਨ੍ਹਾਂ ਕਿਸਾਨਾਂ ਨੂੰ ਇਹ ਅਪੀਲ ਵੀ ਕੀਤੀ ਕਿ ਖੇਤੀਬਾੜੀ ਵਿਭਾਗ ਵੱਲੋਂ ਕਰਵਾਏ ਜਾਂਦੇ ਸਮਾਗਮਾਂ ਵਿੱਚ ਪਹੁੰਚ ਕੇ ਤਕਨੀਕੀ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ ਜੋ ਕਿ ਕਾਫੀ ਲਾਹੇਵੰਦ ਸਾਬਤ ਹੁੰਦੀ ਹੈ ਇਸ ਮੌਕੇ ਸਮਸ਼ੇਰ ਸਿੰਘ, ਖੇਤੀਬਾੜੀ ਉਪ ਨਰੀਖਕ ਪ੍ਰਿਤਪਾਲ ਸਿੰਘ, ਗਗਨਦੀਪ ਸਿੰਘ ਏ.ਟੀ.ਐਮ. ਅਤੇ ਮੁਖਤਿਆਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜਰ ਸਨ।