ਆਂਗਣਵਾੜੀ ਸੈਂਟਰਾਂ ਦਾ ਆਹਾਰ ਹੁਣ ਪੋਸ਼ਟਿਕਤਾ ਤੇ ਵਿਭਿੰਨਤਾਵਾਂ ਨਾਲ ਭਰਪੂਰ: ਸੀ.ਡੀ.ਪੀ.ਓ ਦੋਰਾਹਾ

ਦੋਰਾਹਾ, 06 ਮਈ : ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਰਾਹੀਂ ਪ੍ਰਾਪਤ ਹਦਾਇਤਾਂ ਅਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ, ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਦਫਤਰ ਬਾਲ ਵਿਕਾਸ ਪ੍ਰੋਜੈਕਟ ਅਫਸਰ ਦੋਰਾਹਾ ਵੱਲੋ ਵਿਭਾਗ ਰਾਹੀਂ ਭੇਜੀ ਜਾ ਰਹੀ ਫੀਡ ਜਿਸ ਵਿਚ ਵਿਸ਼ੇਸ਼ ਕਰਕੇ ਆਟਾ, ਪ੍ਰੀ-ਮਿਕਸ ਖਿਚੜੀ, ਬੇਸਣ, ਮੁਰਮੂਰੇ, ਚੀਨੀ, ਘਿਉ ਆਦਿ ਵਸਤੂਆਂ ਬਲਾਕ ਦੇ ਹਰ ਆਂਗਨਵਾੜੀ ਸੈਂਟਰ ਤੱਕ ਪਹੁੰਚਾਈਆਂ ਜਾ ਰਹੀਆਂ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸੀ.ਡੀ.ਪੀ.ਓ ਦੋਰਾਹਾ ਰਾਹੁਲ ਅਰੋੜਾ ਵੱਲੋਂ ਦੱਸਿਆ ਗਿਆ ਕਿ ਇਹ ਫ਼ੀਡ ਮੁੱਖ ਕਰਕੇ ਮਾਰਕਫੈਡ ਤੋਂ ਸਪਲਾਈ ਹੋ ਰਹੀ ਹੈ ਅਤੇ ਭਾਰਤ ਸਰਕਾਰ ਵੱਲੋਂ ਚਲਾਈ ਗਈ ਪੋਸ਼ਣ ਅਭਿਆਨ ਸਕੀਮ ਤਹਿਤ ਬਣਦੀ ਕੁਆਲਿਟੀ ਅਤੇ ਮਾਤਰਾ ਦੇ ਮਾਪਦੰਡਾਂ ਅਧੀਨ ਹੀ ਆਂਗਨਵਾੜੀ ਸੈਂਟਰਾਂ ਵਿੱਚ ਭੇਜੀ ਜਾ ਰਹੀ ਹੈ। ਆਂਗਨਵਾੜੀ ਸੈਂਟਰਾਂ ਵਿੱਚ ਦਾਖ਼ਲ ਯੋਗ ਲਾਭਪਾਤਰੀ ਜਿਵੇਂ ਕਿ ਛੇ ਸਾਲ ਤੋਂ ਛੋਟੇ ਬੱਚੇ, ਗਰਭਵਤੀ ਔਰਤਾ, ਦੁਧ ਪਿਲਾਊ ਮਾਵਾਂ ਅਤੇ 14 ਤੋਂ 18 ਸਾਲ ਦੀਆਂ ਕਿਸ਼ੋਰੀਆ ਦਾ ਹਰ ਪੱਖੋਂ ਪੋਸ਼ਣ ਪੱਧਰ ਉੱਚਾ ਚੁੱਕਣ ਸਬੰਧੀ ਪਹਿਲਾਂ ਪ੍ਰਾਪਤ ਹੋ ਰਹੀ ਫੀਡ ਵਿੱਚ ਬਦਲਾਅ ਕਰਦੇ ਹੋਏ ਨਵੀਂ ਫੀਡ ਵਿਚ ਵਿਭਿੰਨਤਾ ਦੇ ਨਾਲ-ਨਾਲ ਪੋਸ਼ਕ ਤੱਤ ਵੀ ਬਰਕਰਾਰ ਰੱਖਣ ਸਬੰਧੀ ਵਿਭਾਗ ਰਾਹੀਂ ਪੁਰਜ਼ੋਰ ਯਤਨ ਕੀਤੇ ਗਏ ਹਨ, ਉਨ੍ਹਾਂ ਅੱਗੇ ਦੱਸਿਆ ਕਿ ਵਿਭਾਗ ਰਾਹੀਂ 3 ਤੋਂ 6 ਸਾਲ ਦੇ ਬੱਚਿਆਂ ਦੀ ਆਂਗਣਵਾੜੀ ਸੈਂਟਰਾਂ ਵਿੱਚ ਮੁਕੰਮਲ ਹਾਜ਼ਰੀ ਅਤੇ ਉਨ੍ਹਾਂ ਨੂੰ ਆਂਗਣਵਾੜੀ ਵਿੱਚ ਹੀ ਮੇਨਊ ਮੁਤਾਬਿਕ ਤਿਆਰ ਫੀਡ ਦੇਣ ਲਈ ਆਂਗਣਵਾੜੀ ਵਰਕਰਸ ਪਾਬੰਦ ਹਨ। ਤਿੰਨ ਤੋਂ ਘੱਟ ਸਾਲ ਦੇ ਬੱਚਿਆਂ ਨੂੰ ਮੇਨਊ ਅਨੁਸਾਰ ਹੀ ਫੀਡ ਦੀ ਘਰੋਂ-ਘਰ ਵੰਡ ਹੋਵੇ ਸਬੰਧੀ ਸਰਕਲ ਸੁਪਰਵਾਈਜ਼ਰਾਂ ਰਾਹੀਂ ਹਰ ਆਂਗਨਵਾੜੀ ਵਰਕਰ ਨੂੰ ਲੋੜੀਂਦੀਆਂ ਹਦਾਇਤਾਂ ਪਹਿਲਾ ਤੋਂ ਹੀ ਜਾਰੀ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਵਾਰ ਫੀਡ ਵੰਡ ਦੀ ਕਾਰਵਾਈ ਨੂੰ ਪਿੰਡਾਂ ਦੀਆਂ ਪੰਚਾਇਤਾਂ, ਹੋਰ ਮੋਹਤਬਰ ਵਸਨੀਕਾਂ ਅਤੇ ਸਿਹਤ ਵਿਭਾਗ ਦੇ ਨੁਮਾਂਇੰਦਿਆਂ ਨਾਲ ਤਾਲਮੇਲ ਕਰਦੇ ਹੋਏ ਨੇਪਰੇ ਚੜ੍ਹਾਉਣ ਸਬੰਧੀ ਵੀ ਆਦੇਸ਼ ਦਿੱਤੇ ਗਏ ਹਨ। ਫੀਡ ਅਤੇ ਉਸ ਨਾਲ ਸੰਬੰਧਤ ਰਿਕਾਰਡ ਦੀ ਸਾਂਭ-ਸੰਭਾਲ ਲਈ ਪਹਿਲਾਂ ਤੋਂ ਹੀ ਸਮੂਹ ਆਂਗਣਵਾੜੀ ਵਰਕਰਸ ਜਾਣੂ ਹਨ।