ਧਰਮਕੋਟ ਪੁਲਿਸ ਨੇ 02 ਨਸ਼ਾ ਤਸਕਰਾਂ ਨੂੰ 02 ਕਿਲੋ 700 ਗ੍ਰਾਮ ਅਫੀਮ ਸਮੇਤ ਕੀਤਾ ਕਾਬੂ

ਮੋਗਾ, 19 ਅਗਸਤ 2024 : ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਖਿਲਾਫ ਇੱਕ ਵੱਡੀ ਸਫਲਤਾ ਵਿੱਚ, ਥਾਣਾ ਧਰਮਕੋਟ ਨੇ 02 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 02 ਕਿਲੋ 700 ਗ੍ਰਾਮ ਅਫੀਮ ਜ਼ਬਤ ਕੀਤੀ। ਇਹ ਸਫਲ ਆਪ੍ਰੇਸ਼ਨ ਨਸ਼ਿਆਂ ਵਿਰੁੱਧ ਚੱਲ ਰਹੀ ਲੜਾਈ ਵਿੱਚ ਇੱਕ ਮਹੱਤਵਪੂਰਨ ਤਰੱਕੀ ਨੂੰ ਦਰਸਾਉਂਦਾ ਹੈ। ਫੜੇ ਗਏ ਦੋਵੇਂ ਮੁਲਜ਼ਮ ਰਾਜਸਥਾਨ ਦੇ ਰਹਿਣ ਵਾਲੇ ਹਨ। ਜਾਂਚ ਅਧਿਕਾਰੀ ਏਐਸਆਈ ਪਰਮਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ ਪੁਲੀਸ ਪਾਰਟੀ ਗਸ਼ਤ ’ਤੇ ਸੀ। ਇਸ ਦੌਰਾਨ ਮੋਗਾ-ਧਰਮਕੋਟ ਰੋਡ ’ਤੇ ਦੋ ਵਿਅਕਤੀ ਪੁਲੀਸ ਨੂੰ ਦੇਖ ਕੇ ਭੱਜਣ ਲੱਗੇ। ਸ਼ੱਕ ਦੇ ਆਧਾਰ 'ਤੇ ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 2 ਕਿਲੋ 700 ਗ੍ਰਾਮ ਅਫੀਮ ਬਰਾਮਦ ਹੋਈ। ਫੜੇ ਗਏ ਦੋਵੇਂ ਮੁਲਜ਼ਮ ਜੱਸੂ ਰਾਮ ਅਤੇ ਰਾਵਲ ਰਾਮ ਰਾਜਸਥਾਨ ਦੇ ਰਹਿਣ ਵਾਲੇ ਹਨ। ਦੋਵੇਂ ਆਰੋਪੀਆਂ ਨਾਲ ਕਿਸੇ ਦੀ ਇੰਸਟਾਗ੍ਰਾਮ ਕਾਲ 'ਤੇ ਗੱਲ ਹੋਈ ਸੀ ਅਤੇ ਮੋਗਾ 'ਚ ਅਫੀਮ ਦੀ ਡਿਲਿਵਰੀ ਕਰਨ ਆਏ ਸਨ। ਦੋਵਾਂ ਖ਼ਿਲਾਫ਼ ਥਾਣਾ ਧਰਮਕੋਟ ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲੀਸ ਰਿਮਾਂਡ ਲਿਆ ਗਿਆ ਹੈ ਤਾਂ ਜੋ ਹੋਰ ਪੁੱਛ-ਗਿੱਛ ਪਤਾ ਲਗਾਇਆ ਜਾਵੇ ਕਿ ਅਫ਼ੀਮ ਦੀ ਸਪਲਾਈ ਅੱਗੇ ਕਿਸਨੂੰ ਕੀਤੀ ਜਾਣੀ ਸੀ।