ਵਿਕਸਤ ਭਾਰਤ ਸੰਕਲਪ ਯਾਤਰਾ ਵੈਨਾਂ ਨੇ ਸਮਾਲਸਰ, ਰੋਡੇ, ਨੱਥੂਵਾਲਾ ਜਦੀਦ ਤੇ ਚੂਹੜਚੱਕ ਪਿੰਡਾਂ ਵਿੱਚ ਦਿੱਤੀਆਂ ਸਰਕਾਰੀ ਸੇਵਾਵਾਂ

  • ਵੈਨਾਂ ਰਾਹੀਂ ਲੋਕ ਲੈ ਰਿਹੈ ਆਪਣੇ ਦਰਾਂ ਸਾਹਮਣੇ ਸਰਕਾਰੀ ਸਕੀਮਾਂ ਦਾ ਲਾਹਾ-ਏ.ਡੀ.ਸੀ. ਅਨੀਤਾ ਦਰਸ਼ੀ

ਮੋਗਾ, 19 ਦਸੰਬਰ : ''ਵਿਕਸਤ ਭਾਰਤ ਸੰਕਲਪ ਯਾਤਰਾ'' ਦੀਆਂ ਦੋ ਵੈਨਾਂ ਆਮ ਲੋਕਾਂ ਨੂੰ ਸਰਕਾਰੀ ਸਹੂਲਤਾਂ ਦੇਣ ਲਈ ਪਿੰਡ ਪਿੰਡ ਪਹੁੰਚ ਬਣਾ ਰਹੀਆਂ ਹਨ ਤਾਂ ਕਿ ਸਰਕਾਰੀ ਸਕੀਮਾਂ ਦਾ ਲਾਹਾ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਸਾਹਮਣੇ ਹੀ ਮਿਲ ਸਕੇ। ਇਸ ਤੋਂ ਇਲਾਵਾ ਵੈਨਾਂ ਜਰੀਏ ਲੋਕਾਂ ਨੂੰ ਸਰਕਾਰੀ ਦੀਆਂ ਲੋਕ ਪੱਖੀ ਸਕੀਮਾਂ ਬਾਰੇ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਮੋਗਾ (ਵਿਕਾਸ) ਸ੍ਰੀਮਤੀ ਅਨੀਤਾ ਦਰਸ਼ੀ ਨੇ ਦੱਸਿਆ ਕਿ ਅੱਜ ਦੋਨਾਂ ਵੈਨਾਂ ਵੱਲੋਂ ਸਮਾਲਸਰ, ਰੋਡੇ, ਨੱਥੂਵਾਲਾ ਜਦੀਦ ਤੇ ਚੂਹੜਚੱਕ ਪਿੰਡਾਂ ਦੇ ਲੋਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਪਹੁੰਚਾਇਆ। ਪਿਛਲੇ 18 ਦਿਨਾਂ ਤੋਂ ਵੱਖ ਵੱਖ ਪਿੰਡਾਂ ਦੇ ਲੋਕ ਇਸ ਵੈਨ ਰਾਹੀਂ ਸਰਕਾਰੀ ਸਹੂਲਤਾਂ ਦਾ ਆਪਣੇ ਦਰਾਂ ਸਾਹਮਣੇ ਹੀ ਲਾਭ ਉਠਾ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਦੇ ਦਿਨ ਵੀ ਇਸ ਮੌਕੇ ਵੱਖ-ਵੱਖ ਵਿਭਾਗਾਂ ਨੇ ਆਪਣੇ ਅਧੀਨ ਆਉਂਦੀਆਂ ਸਕੀਮਾਂ ਬਾਰੇ ਆਮ ਲੋਕਾਂ ਨੂੰ ਜਾਣੂੰ ਕਰਵਾਇਆ ਅਤੇ ਯੋਗ ਲਾਭਪਾਤਰੀਆਂ ਦੇ ਵੱਖ ਵੱਖ ਸਰਕਾਰੀ ਸਕੀਮਾਂ ਪ੍ਰਤੀ ਫਾਰਮ ਭਰੇ ਗਏ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵਲੋਂ 15 ਨਵੰਬਰ ਤੋਂ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਕੇਂਦਰ ਦੇ ਪ੍ਰਮੁੱਖ ਯੋਜਨਾਵਾਂ ਤੇ ਪ੍ਰੋਗਰਾਮਾਂ ਨੂੰ ਲਾਭਪਾਤਰੀਆਂ ਤੱਕ ਪਹੁੰਚਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਇਹ ਯਾਤਰਾ 25 ਜਨਵਰੀ, 2024 ਨੂੰ ਸਮਾਪਤ ਹੋਵੇਗੀ। ਸ੍ਰੀਮਤੀ ਅਨੀਤਾ ਦਰਸ਼ੀ ਨੇ ਦੱਸਿਆ ਕਿ ਅੱਜ ਪਿੰਡ ਵਾਸੀਆਂ ਤੇ ਸਰਕਾਰੀ ਮੁਲਾਜ਼ਮਾਂ ਨੇ ਭਾਰਤ ਨੂੰ 2047 ਤੱਕ ਵਿਕਸਤ ਤੇ ਆਤਮ ਨਿਰਭਰ ਦੇਸ਼ ਬਣਾਉਣ ਦਾ, ਗੁਲਾਮੀ ਦੀ ਮਾਨਸਿਕਤਾ ਨੂੰ ਖਤਮ ਕਰਨ, ਆਪਣੇ ਦੇਸ਼ ਦੀ ਅਮੀਰ ਵਿਰਾਸਤ ਨੂੰੰ ਸਾਂਭਣ, ਭਾਰਤ ਦੀ ਏਕਤਾ ਨੂੰ ਮਜ਼ਬੂਤ ਬਣਾਉਣ, ਜਿੰਮੇਵਾਰ ਨਾਗਰਿਕ ਬਣਨ ਦਾ ਅਹਿਦ ਵੀ ਲਿਆ।