ਡੇਰਾਬੱਸੀ ਪੁਲਿਸ ਨੇ ਅਫ਼ੀਮ ਦੇ 450 ਪੌਦੇ, 880 ਡੋਡੇ ਤੇ ਲਾਲ ਫੁੱਲ ਕੀਤੇ ਬਰਾਮਦ, 1 ਗ੍ਰਿਫ਼ਤਾਰ, ਕੇਸ ਦਰਜ

ਡੇਰਾਬੱਸੀ, 4 ਅਪ੍ਰੈਲ : ਡੇਰਾਬੱਸੀ ਪੁਲਿਸ ਨੇ ਸਿੰਧ ਘਾਟੀ ਮੈਦਾਨ ਦੇ ਪਿੱਛੇ ਸਥਿਤ ਸੈਣੀ ਫਾਰਮ ਹਾਊਸ ‘ਤੇ ਛਾਪਾ ਮਾਰਿਆ। ਇੱਥੋਂ ਅਫ਼ੀਮ ਦੇ ਸੈਂਕੜੇ ਪੌਦੇ, ਡੋਡੇ ਅਤੇ ਲਾਲ ਫੁੱਲ ਬਰਾਮਦ ਕੀਤੇ ਗਏ। ਡੇਰਾਬੱਸੀ ਦੇ ਏਐਸਪੀ ਵੈਭਵ ਚੌਧਰੀ ਦੀ ਅਗਵਾਈ ਹੇਠ 880 ਡੋਡਾ, ਲਾਲ ਫੁੱਲ ਸਮੇਤ ਅਫ਼ੀਮ ਦੇ ਪੌਦਿਆਂ ਦੀ ਗਿਣਤੀ 450 ਦੇ ਕਰੀਬ ਦੱਸੀ ਜਾਂਦੀ ਹੈ। ਪੁਲਿਸ ਨੇ ਮੌਕੇ ਤੋਂ ਖੇਤ ਮਾਲਕ ਹਰਵਿੰਦਰ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਉਸ ਖ਼ਿਲਾਫ਼ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਐਸਪੀ ਵੈਭਵ ਚੌਧਰੀ ਨੇ ਦਸਿਆ ਕਿ ਅਫ਼ੀਮ ਦੇ ਬੂਟਿਆਂ ਦੀ ਖੇਤੀ ਪਰਮਿਟ ਜਾਂ ਲਾਇਸੈਂਸ ਨਾਲ ਹੀ ਕੀਤੀ ਜਾ ਸਕਦੀ ਹੈ ਪਰ ਇਥੇ ਹਰਵਿੰਦਰ ਸਿੰਘ ਨੇ ਕਿਸੇ ਕਿਸਮ ਦਾ ਲਾਇਸੈਂਸ ਜਾਂ ਪਰਮਿਟ ਨਹੀਂ ਲਿਆ ਸੀ। ਉਨ੍ਹਾਂ ਗੁਪਤ ਸੂਚਨਾ ਦੇ ਆਧਾਰ ’ਤੇ ਡੇਰਾਬੱਸੀ ਥਾਣੇ ਦੇ ਇੰਚਾਰਜ ਅਜੀਤੇਸ਼ ਕੌਸ਼ਲ ਅਤੇ ਏਐਸਆਈ ਹਰੀਸ਼ ਸ਼ਰਮਾ ਸਮੇਤ ਦਰਜਨ ਭਰ ਪੁਲਿਸ ਮੁਲਾਜ਼ਮਾਂ ਨਾਲ ਦੁਪਹਿਰ ਸਮੇਂ ਉਕਤ ਸਥਾਨ ’ਤੇ ਛਾਪੇਮਾਰੀ ਕੀਤੀ। ਹਰਵਿੰਦਰ ਸਿੰਘ ਦੇ ਖੇਤਾਂ ਨਾਲ ਬਣੇ ਵੱਡੇ ਘਰ ਦੇ ਪਿੱਛੇ ਅਫ਼ੀਮ ਦੇ ਪੌਦੇ ਤਿਆਰ ਹਾਲਤ ਵਿਚ ਮਿਲੇ। ਇਹ ਪੌਦੇ ਕਰੀਬ 3 ਮਹੀਨੇ ਪੁਰਾਣੇ ਸਨ ਅਤੇ ਇਨ੍ਹਾਂ ’ਤੇ ਫੁੱਲਾਂ ਤੋਂ ਇਲਾਵਾ ਡੋਡੇ ਵੀ ਮੌਜੂਦ ਸਨ। ਭੁੱਕੀ ਦੀ ਫ਼ਸਲ ਪੱਕਣ ’ਚ ਸਿਰਫ਼ ਦੋ ਹਫ਼ਤੇ ਹੀ ਬਚੇ ਸਨ। ਪੁਲਿਸ ਨੇ ਇਨ੍ਹਾਂ ਪੌਦਿਆਂ ਨੂੰ ਜੜ੍ਹੋਂ ਪੁੱਟ ਦਿਤਾ ਅਤੇ ਫੁੱਲਾਂ ਸਮੇਤ ਬੂਟਿਆਂ ਦੀ ਗਿਣਤੀ ਕੀਤੀ। ਦਸਿਆ ਜਾ ਰਿਹਾ ਹੈ ਕਿ ਖੇਤ ਮਾਲਕ ਹਰਵਿੰਦਰ ਸਿੰਘ ਨੇ ਅਫ਼ੀਮ ਦੀ ਖੇਤੀ ਦਾ ਕੰਮ ਕੀਤਾ ਸੀ ਅਤੇ ਉਹ ਅਪਣੀ ਵਰਤੋਂ ਲਈ ਇਹ ਅਫ਼ੀਮ ਤਿਆਰ ਕਰ ਰਿਹਾ ਸੀ। ਏਐਸਪੀ ਵੈਭਵ ਚੌਧਰੀ ਦੇ ਦੱਸਣ ਅਨੁਸਾਰ ਉਕਤ ਵਿਅਕਤੀਆਂ ਵਿਰੁਧ ਐਨ.ਡੀ.ਪੀ.ਐਸ. ਐਕਟ ਦੀ ਧਾਰਾ 18 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਫ਼ੀਮ ਦੀ ਖੇਤੀ ਕਰਨ ਵਾਲੇ ਕਿਸਾਨ ਹਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮ ਨੂੰ ਵੀਰਵਾਰ ਨੂੰ ਡੇਰਾਬੱਸੀ ਅਦਾਲਤ ਵਿਚ ਪੇਸ਼ ਕਰ ਕੇ ਉਸ ਦਾ ਪੁਲਿਸ ਰਿਮਾਂਡ ਵੀ ਲਿਆ ਜਾਵੇਗਾ।