ਡਿਪਟੀ ਕਮਿਸ਼ਨਰ ਨੇ ਫਾਜ਼ਿਲਕਾ ਦੀ ਦਾਣਾ ਮੰਡੀ ਵਿਖੇ ਸ਼ੁਰੂ ਕਰਵਾਈ ਝੋਨੇ ਦੀ ਸਰਕਾਰੀ ਖਰੀਦ

  • ਕਿਹਾ, ਅਨਾਜ ਮੰਡੀਆਂ ਵਿੱਚ ਸਾਫ ਸਫਾਈ ਆਦਿ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਕਰਨ ਕਰਨ ਅਧਿਕਾਰੀ
  • ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ

ਫਾਜ਼ਿਲਕਾ 4 ਅਕਤੂਬਰ : ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਆਈ.ਏ.ਐੱਸ. ਵੱਲੋਂ ਫਾਜ਼ਿਲਕਾ ਦੀ ਦਾਣਾ ਮੰਡੀ ਵਿਖੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਝੋਨਾ ਲੈ ਕੇ ਮੰਡੀ ਪੁੱਜੇ ਕਿਸਾਨਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦੀ ਫਸਲ ਦਾ ਇਕ ਇਕ ਦਾਣਾ ਖ਼ਰੀਦਣਾ ਯਕੀਨੀ ਬਣਾਏਗੀ ਜਿਸ ਲਈ ਮੰਡੀਆਂ ਵਿੱਚ ਹਰ ਤਰ੍ਹਾਂ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨਾਂ ਇਸ ਮੌਕੇ ਆੜ੍ਹਤੀਆਂ ਨਾਲ ਵੀ ਗੱਲਬਾਤ ਕੀਤੀ ਤੇ ਖਰੀਦ ਏਜੰਸੀਆਂ, ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਖਰੀਦ ਨੂੰ ਸੁਚਾਰੂ ਤਰੀਕੇ ਨਾਲ ਨੇਪਰੇ ਚਾੜਨ ਦੇ ਨਿਰਦੇਸ਼ ਦਿੱਤੇ । ਅਨਾਜ ਮੰਡੀਆਂ ਦੇ ਅੰਦਰ ਸਫਾਈ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆ ਉਨ੍ਹਾਂ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਕਿ ਅਨਾਜ ਮੰਡੀਆਂ ਵਿੱਚ ਸਾਫ ਸਫਾਈ, ਪਾਣੀ ਅਤੇ ਬਿਜਲੀ ਸਮੇਤ ਹੋਰ ਲੋੜੀਂਦੇ ਮੁਕੰਮਲ ਹੋਣੇ ਚਾਹੀਦੇ ਹਨ ਤਾਂ ਜੋ ਮੰਡੀਆਂ ਅੰਦਰ ਆਪਣੀ ਫਸਲ ਲੈ ਕੇ ਆਉਣ ਵਾਲੇ ਕਿਸਾਨਾਂ ਸਮੇਤ ਮਜ਼ਦੂਰਾਂ, ਆੜਤੀਆਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਰਾਤ ਵੇਲੇ ਫਸਲ ਦੀ ਕਟਾਈ ਨਾ ਕਰਨ ਅਤੇ ਮੰਡੀ ਵਿਚ ਵੀ ਸੁੱਕਾ ਝੋਨਾ ਹੀ ਲਿਆਉਣ ਤਾਂ ਜੋ ਉਨ੍ਹਾਂ ਦੀ ਫਸਲ ਦੀ ਖਰੀਦ ਬਿਨ੍ਹਾਂ ਕਿਸੇ ਦੇਰੀ ਤੋਂ ਹੋ ਸਕੇ । ਉਨ੍ਹਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਆਪਣੀ ਝੋਨੇ ਦੀ ਫਸਲ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ। ਅਜਿਹਾ ਕਰਨ ਨਾਲ ਜਿੱਥੇ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਉੱਥੇ ਅਨੇਕਾਂ ਬਿਮਾਰੀਆ ਪੈਦਾ ਹੁੰਦੀਆ ਹਨ ਤੇ ਜਮੀਨ ਦੀ ਉਪਜਾਊ ਸਕਤੀ ਵੀ ਘਟਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਪਰਾਲੀ ਨੂੰ ਆਧੁਨਿਕ ਸੰਦਾਂ ਨਾਲ ਜਮੀਨ ਵਿੱਚ ਜਜਬ ਕਰਕੇ ਅਗਲੀ ਫਸਲ ਦੀ ਬਿਜਾਈ ਕਰਨ ਅਜਿਹਾ ਕਰਨ ਨਾਲ ਉਨ੍ਹਾਂ ਦੀ ਅਗਲੀ ਫਸਲ ਦਾ ਝਾੜ ਵੀ ਵਧੇਗਾ। ਇਸ ਮੌਕੇ ਵਿਧਾਇਕ ਫਾਜ਼ਿਲਕਾ ਦੇ ਪਿਤਾ ਖਜ਼ਾਨ ਸਿੰਘ, ਚੇਅਰਮੈਨ ਮਾਰਕਿਟ ਕਮੇਟੀ ਪਰਮਜੀਤ ਸਿੰਘ, ਸਕੱਤਰ ਮਾਰਕਿਟ ਕਮੇਟੀ ਮਨਦੀਪ ਰਹੇਜਾ, ਆੜ੍ਹਤੀਆ ਐਸੋਸੀਏਸ਼ਨ ਪ੍ਰਧਾਨ ਸੁਰਿੰਦਰ ਕੁਮਾਰ ਸਚਦੇਵਾ, ਆੜ੍ਹਤੀਆ ਐਸੋਸੀਏਸ਼ਨ ਤੋਂ ਸੁਨੀਲ ਦੱਤ ਤੇ ਸੰਜੀਵ ਸਚਦੇਵਾ, ਆਪ ਆਗੂ ਅਰੁਣ ਵਧਵਾ ਅਤੇ ਮਨਜੋਤ ਸਿੰਘ ਖੇੜਾ ਆਦਿ ਹਾਜ਼ਰ ਸਨ।