ਡਿਪਟੀ ਕਮਿਸ਼ਨਰ ਵੱਲੋਂ ਪੰਛੀਆਂ ਲਈ ਪੀਣ ਵਾਲੇ ਪਾਣੀ ਦੇ ਬਰਤਨ ਟੰਗਣ ਮੁਹਿੰਮ ਦੀ ਸ਼ੁਰੂਆਤ

ਫਾਜ਼ਿਲਕਾ, 19 ਅਪ੍ਰੈਲ : ਪਸ਼ੂ—ਪੰਛੀਆਂ ਦੀ ਸੁਰੱਖਿਆ ਅਤੇ ਦਾਣੇ ਪਾਣੀ ਦਾ ਪ੍ਰਬੰਧ ਕਰਨਾ ਜਿਥੇ ਪੁੰਨ ਦਾ ਕੰਮ ਮੰਨਿਆ ਜਾਂਦਾ ਹੈ ਉਥੇ ਇਨ੍ਹਾਂ ਦਾ ਸਾਡੀ ਜਿੰਦਗੀ ਵਿਚ ਵੀ ਅਹਿਮ ਰੋਲ ਹੁੰਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲੇ੍ਹ ਦੇ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਬਿਸ਼ਨੋਈ ਸਮਾਜ ਵੱਲੋਂ ਪੰਛੀਆਂ ਲਈ ਪੀਣ ਵਾਲੇ ਪਾਣੀ ਅਤੇ ਦਾਣਾ ਵਾਲੇ ਬਰਤਨ ਟੰਗਣ ਦੀ ਮੁਹਿੰਮ ਦੀ ਸ਼ੁਰੂਆਤ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਕੀਤਾ। ਉਨ੍ਹਾਂ ਕਿਹਾ ਕਿ ਗਰਮੀ ਦੇ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਜੀਵ—ਜੰਤੂਆਂ ਲਈ ਅਜਿਹੇ ਉਪਰਾਲੇ ਕਰਨਾ ਸ਼ਲਾਘਾਯੋਗ ਕਦਮ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੀਵਾਂ ਤੇ ਰੁੱਖਾਂ ਦੀ ਸੰਭਾਲ ਲਈ ਬਿਸ਼ਨੋਈ ਭਾਈਚਾਰਾ ਪਿਛਲੇ ਲੰਬੇ ਸਮੇਂ ਤੋਂ ਉਪਰਾਲੇ ਕਰ ਰਿਹਾ ਹੈ ਜ਼ੋ ਕਿ ਸ਼ਲਾਘਾਯੋਗ ਹੈ।ਉਨ੍ਹਾਂ ਕਿਹਾ ਕਿ ਜੀਵਾਂ ਤੇ ਰੁੱਖਾਂ ਦੀ ਸੰਭਾਲ ਕਰਨਾ ਸਾਡਾ ਮਨੁੱਖ ਦਾ ਹੀ ਫਰਜ ਬਣਦਾ ਹੈ। ਉਨ੍ਹਾਂ ਕਿਹਾ ਕਿ ਜੀਵਾਂ ਤੇ ਰੁੱਖਾਂ ਦੀ ਹੋਂਦ ਨਾਲ ਕੁਦਰਤ ਦਾ ਸੰਤੁਲਨ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਚੰਗੇ ਤੇ ਸੰਪੂਰਨ ਵਾਤਾਵਰਣ ਦੀ ਸਿਰਜਣਾ ਲਈ ਜੀਵਾਂ ਅਤੇ ਰੁੱਖਾਂ ਦਾ ਮਹੱਤਵਪੂਰਨ ਰੋਲ ਹੈ।ਉਨ੍ਹਾਂ ਕਿਹਾ ਕਿ ਪ੍ਰਮਾਤਮਾ ਨੇ ਸੋਚਣ ਸਮਝਣ ਦੀ ਸ਼ਕਤੀ ਮਨੁੱਖ ਕੌਮ ਨੂੰ ਬਖਸ਼ੀ ਹੈ ਇਸ ਲਈ ਜੀਵ—ਜੰਤੂਆਂ ਦੀ ਸੇਵਾ ਕਰਨੀ ਸਾਡੀ ਜਿੰਮੇਵਾਰੀ ਬਣਦੀ ਹੈ।  ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਾਣੀ ਪਿਲਾਉਣ ਦੇ ਕਾਰਜ ਨੂੰ ਤਾਂ ਸੇਵਾ ਦਾ ਕੰਮ ਮੰਨਿਆ ਜਾਂਦਾ ਹੈ ਤੇ ਪਸ਼ੂ—ਪੰਛੀਆਂ ਲਈ ਭਲਾਈ ਦੇ ਕਾਰਜ ਵਿਚ ਯੋਗਦਾਨ ਪਾਉਣ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਬਿਸ਼ਨੋਈ ਸਮਾਜ ਵੱਲੋਂ ਜੀਵਾਂ ਦੀ ਭਲਾਈ ਲਈ ਕਰਵਾਏ ਜਾ ਰਹੇ ਸਮਗਾਮ ਵਿਚ ਸ਼ਿਰਕਤ ਕਰਕੇ ਮਾਣ ਮਹਿਸੂਸ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਵਾਤਾਵਰਣ ਅਤੇ ਜੀਵਾਂ ਦੀ ਨਿਸਵਾਰਥ ਹੋ ਕੇ ਸੰਭਾਲ ਕਰਨੀ ਚਾਹੀਦੀ ਹੈ ਕਿਉਂ ਜ਼ੋ ਇਹ ਨਿਸਵਾਰਥ ਸਾਨੂੰ ਅਨੇਕਾ ਫਾਇਦੇ ਦਿੰਦੇ ਹਨ। ਉਨ੍ਹਾਂ ਕਿਹਾ ਕਿ ਬਿਸ਼ਨੋਈ ਸਮਾਜ ਵਾਂਗ ਹੋਰਨਾਂ ਨਾਗਰਿਕਾਂ ਨੂੰ ਵੀ ਇਸ ਮੁਹਿੰਮ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ ਤੇ ਪਸ਼ੂਆਂ ਲਈ ਦਾਣੇ—ਪਾਣੀ ਦਾ ਪ੍ਰੰਬਧ ਕਰਨਾ ਚਾਹੀਦਾ ਹੈ। ਇਸ ਮੌਕੇ ਬਿਸ਼ਨੋਈ ਸਮਾਜ ਦੇ ਪੰਜਾਬ ਪ੍ਰਧਾਨ ਸੁਭਾਸ਼ ਡੇਲੂ ਨੇ ਬਿਸ਼ਨੋਈ ਸਮਾਜ ਵੱਲੋਂ ਜੀਵਾਂ ਦੀ ਰਾਖੀ ਲਈ ਕੀਤੇ ਜਾ ਰਹੇ ਉਪਰਾਲਿਆਂ ਅਤੇ ਕਾਰਜਾਂ ਬਾਰੇ ਡਿਪਟੀ ਕਮਿਸ਼ਨਰ ਨੂੰ ਜਾਣੂੰ ਕਰਵਾਇਆ। ਇਸ ਮੌਕੇ ਬਿਸ਼ਨੋਈ ਸਮਾਜ ਵੱਲੋਂ ਡਿਪਟੀ ਕਮਿਸ਼ਨਰ ਨੂੰ ਸਨਮਾਨ ਚਿੰਨ ਭੇਂਟ ਕੀਤਾ। ਇਸ ਦੌਰਾਨ ਸਾਬਕਾ ਪ੍ਰਧਾਨ ਗੰਗਾਬਿਸ਼ਨ ਭਾਦੂ ਨੇ ਵੀ ਬਿਸ਼ਨੋਈ ਸਮਾਜ ਦੀ ਸਥਾਪਨਾ ਸਬੰਧੀ ਅਤੇ ਵਾਤਾਵਰਣ ਦੀ ਰਾਖੀ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਬਿਸ਼ਨੋਈ ਸਮਾਜ ਦੇ ਸਮੂਹ ਮੈਂਬਰ ਤੋਂ ਇਲਾਵਾ ਹੋਰ ਪਤਵੰਤੇ ਸਜਨ ਮੌਜੂਦ ਸਨ।