ਡਿਪਟੀ ਕਮਿਸ਼ਨਰ ਸਾਹਨੀ ਵਲੋਂ 'ਲੁਧਿਆਣਾ ਦੇ ਆਲੇ-ਦੁਆਲੇ ਜੰਗਲ' ਸਿਰਲੇਖ ਹੇਠ ਡਾਕਊਮੈਂਟਰੀ ਤੇ ਕਿਤਾਬਚਾ ਜਾਰੀ

  • ਲੁਧਿਆਣਵੀਆਂ ਨੂੰ ਮਨਮੋਹਕ ਜੰਗਲੀ ਸਥਾਨਾਂ ਨੂੰ ਵੇਖਣ ਲਈ ਕਰੇਗਾ ਆਕਰਸ਼ਿਤ

ਲੁਧਿਆਣਾ, 21 ਮਾਰਚ : ਡਿਪਟੀ ਕਮਿਸ਼ਨਰ ਲੁਧਿਆਣਾ ਸਾਕਸੀ ਸਾਹਨੀ ਵਲੋਂ ਵਿਸ਼ਵ ਜੰਗਲਾਤ ਦਿਵਸ ਮੌਕੇ 'ਲੁਧਿਆਣਾ ਦੇ ਆਲੇ-ਦੁਆਲੇ ਜੰਗਲ' ਸਿਰਲੇਖ ਹੇਠ ਡਾਕਊਮੈਂਟਰੀ ਫਿਲਮ ਅਤੇ ਪਿਕਟੋਰੀਅਲ ਬਰੋਸ਼ਰ ਰੀਲੀਜ ਕੀਤੇ ਗਏ ਜਿਸ ਵਿੱਚ ਲੁਧਿਆਣਾ ਦੇ ਇਰਦ-ਗਿਰਦ ਸਥਾਪਤ ਜੰਗਲਾਤ ਏਰੀਏ ਨੂੰ ਦਰਸਾਇਆ ਗਿਆ ਹੈ. ਇਸ ਰਚਨਾ ਨੂੰ ਉੱਘੇ ਲੇਖਕ ਅਤੇ ਕੁਦਰਤ ਪ੍ਰੇਮੀ ਹਰਪ੍ਰੀਤ ਸੰਧੂ ਵਲੋਂਂ ਜੰਗਲਾਤ ਵਿਭਾਗ, ਲੁਧਿਆਣਾ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ। ਇਸ ਚਿੱਤਰਕਾਰੀ ਦਾ ਉਦੇਸ਼ ਲੁਧਿਆਣਾ ਦੇ ਨਾਗਰਿਕਾਂ ਦੇ ਅੰਦਰ ਕੁਦਰਤ ਦੀ ਮਹੱਤਤਾ ਨੂੰ ਉਤਸ਼ਾਹਿਤ ਕਰਨਾ ਹੈ ਕਿਉਂਕਿ ਇਹ ਮੱਤੇਵਾੜਾ ਜੰਗਲ, ਗੜ੍ਹੀ ਫਾਜ਼ਿਲ ਜੰਗਲ, ਨੀਲੋਂ ਜੰਗਲ, ਨਿਊ ਹੈਦਰ ਨਗਰ ਜੰਗਲਾਤ ਅਤੇ ਹਲਵਾਰਾ ਜੰਗਲ ਦੇ ਸੱਚਮੁੱਚ ਸ਼ਾਨਦਾਰ ਜੰਗਲੀ ਖੇਤਰਾਂ ਨੂੰ ਦਰਸਾਉਂਦਾ ਹੈ, ਜਿਸ ਨਾਲ ਲੁਧਿਆਣਾ ਦੇ ਲੋਕਾਂ ਉਨ੍ਹਾਂ ਦੇ ਆਲੇ-ਦੁਆਲੇ ਕੁਦਰਤ ਨੂੰ ਨੇੜਿਓਂ ਦੇਖਣ ਦਾ ਮੌਕਾ ਮਿਲਦਾ ਹੈ। ਰਿਲੀਜ਼ ਦੌਰਾਨ ਡਿਪਟੀ ਕਮਿਸ਼ਨਰ ਸਾਹਨੀ ਵੱਲੋਂ ਹਰਪ੍ਰੀਤ ਸੰਧੂ ਦੁਆਰਾ ਜ਼ਿਲ੍ਹੇ ਦੇ ਕੁਦਰਤੀ ਜੰਗਲਾਂ ਦੇ ਟਿਕਾਣਿਆਂ ਦੀ ਰੌਣਕ ਨੂੰ ਉਤਸ਼ਾਹਿਤ ਕਰਨ ਲਈ ਇਸ ਨਿਵੇਕਲੇ ਕਾਰਜ ਦੀ ਸ਼ੁਰੂਆਤ ਕਰਨ ਲਈ ਕੀਤੇ ਗਏ ਸੁਹਿਰਦ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਇਹ ਜੰਗਲਾਂ ਦੇ ਸਥਾਨਾਂ ਨੂੰ ਉਜਾਗਰ ਕਰਨ ਦਾ ਇੱਕ ਵਧੀਆ ਉਪਰਾਲਾ ਹੈ ਅਤੇ ਲੁਧਿਆਣਾ ਦੇ ਮੂਲ ਨਿਵਾਸੀਆਂ ਵਿੱਚ ਬਹੁਤ ਦਿਲਚਸਪੀ ਪੈਦਾ ਕਰੇਗਾ। ਇਹ ਡਾਕਊਮੈਂਟਰੀ ਅਤੇ ਕਿਤਾਬਚਾ ਕੁਦਰਤ ਪ੍ਰੇਮੀਆਂ ਅਤੇ ਨਾਗਰਿਕਾਂ ਵਿੱਚ ਅਣਦੇਖੇ ਜੰਗਲੀ ਸਥਾਨਾਂ ਦੀ ਪੜਚੋਲ ਕਰਨ ਅਤੇ ਜ਼ਿਲ੍ਹੇ ਦੇ ਸੈਰ-ਸਪਾਟੇ ਦੀਆਂ ਸੰਭਾਵਨਾਵਾਂ ਨੂੰ ਅੱਗੇ ਵਧਾਉਣ ਲਈ ਉਤਸ਼ਾਹ ਪੈਦਾ ਕਰੇਗਾ। ਵਧੀਕ ਡਿਪਟੀ ਕਮਿਸ਼ਨਰ (ਜ) ਮੇਜਰ ਅਮਿਤ ਸਰੀਨ ਨੇ ਵੀ ਸੰਧੂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਜੰਗਲ ਸਦੀਆਂ ਤੋਂ ਰੋਜ਼ੀ-ਰੋਟੀ ਦਾ ਸਾਧਨ ਰਹੇ ਹਨ ਅਤੇ ਆਧੁਨਿਕ ਸਭਿਅਤਾ ਦਾ ਸਭ ਤੋਂ ਪੁਰਾਣਾ ਨਿਵਾਸ ਸਥਾਨ ਹਨ। ਡਵੀਜ਼ਨਲ ਜੰਗਲਾਤ ਅਫ਼ਸਰ ਰਾਜੇਸ਼ ਕੁਮਾਰ ਗੁਲਾਟੀ ਨੇ ਕਿਹਾ ਕਿ ਸਾਡੇ ਜੀਵਨ ਲਈ ਇੱਕ ਉੱਭਰਦੇ ਹੱਲ ਵਜੋਂ 'ਜੰਗਲ ਅਤੇ ਨਵੀਨਤਾ' ਦਾ ਦ੍ਰਿਸ਼ਟੀਕੋਣ ਰੱਖਣ ਦੀ ਲੋੜ ਹੈ। ਹਰਪ੍ਰੀਤ ਸੰਧੂ ਨੇ ਕਿਹਾ ਕਿ ਮੱਤੇਵਾੜਾ ਦੇ ਜੰਗਲਾਂ ਵਿੱਚ ਅਤੇ ਆਲੇ-ਦੁਆਲੇ ਦੇ ਇਸ ਚਿੱਤਰਕਾਰੀ ਦੇ ਕੰਮ ਨੂੰ ਪੂਰਾ ਕਰਨ ਵਿੱਚ ਪੰਜ ਮਹੀਨਿਆਂ ਤੋਂ ਵੱਧ ਦਾ ਸਮਾਂ ਲੱਗਾ ਹੈ ਜੋਕਿ ਲੁਧਿਆਣਾ ਦੇ ਨਾਗਰਿਕਾਂ ਲਈ ਅੱਖਾਂ ਖੋਲ੍ਹਣ ਵਾਲਾ ਹੋਵੇਗਾ।