ਡਿਪਟੀ ਕਮਿਸ਼ਨਰ ਸਾਹਨੀ ਵੱਲੋਂ ਜ਼ਿਲ੍ਹੇ 'ਚ ਇੰਡਸਟਰੀ ਨੂੰ ਉਤਸ਼ਾਹ ਕਰਨ ਲਈ ਅਧਿਕਾਰੀਆਂ ਨੂੰ ਹਦਾਇਤਾਂ

ਪਟਿਆਲਾ, 20 ਅਪ੍ਰੈਲ : ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹਾ ਉਦਯੋਗ ਕੇਂਦਰ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਹਦਾਇਤ ਕੀਤੀ ਕਿ ਜ਼ਿਲ੍ਹੇ 'ਚ ਨਵੀਂ ਇੰਡਸਟਰੀ ਲਗਾਉਣ ਵਾਲਿਆਂ ਨੂੰ ਸਮਾਂਬੱਧ ਤਰੀਕੇ ਨਾਲ ਐਨ.ਓ.ਸੀ. ਜਾਰੀ ਕੀਤੀ ਜਾਵੇ। ਪੰਜਾਬ ਰੈਗੂਲੇਸ਼ਨ ਆਫ਼ ਵੂਡ ਬੇਸਿਡ ਇੰਡਸਟਰੀਜ਼ ਰੂਲਜ਼ 2019 ਤਹਿਤ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਕਿਹਾ ਕਿ ਜ਼ਿਲ੍ਹੇ 'ਚ ਇੰਡਸਟਰੀ ਲਈ ਸਾਜ਼ਗਾਰ ਮਾਹੌਲ ਬਣਾਉਣ 'ਚ ਵੱਖ ਵੱਖ ਵਿਭਾਗਾਂ ਦੀ ਅਹਿਮ ਭੂਮਿਕਾ ਹੁੰਦੀ ਹੈ ਤੇ ਜੇਕਰ ਸਬੰਧਤ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਕਰਨ ਤਾਂ ਨਵਾਂ ਕੰਮ ਸ਼ੁਰੂ ਕਰਨ ਦੇ ਚਾਹਵਾਨ ਉਦਮੀਆਂ ਨੂੰ ਵੱਡੀ ਸਹੂਲਤ ਪ੍ਰਾਪਤ ਹੁੰਦੀ ਹੈ। ਇਸ ਮੌਕੇ ਮੈਸ: ਮੋਹਨ ਐਗਰੋ, ਪਿੰਡ ਹੀਰਾਗੜ੍ਹ, ਦੇਵੀਗੜ੍ਹ ਰੋਡ, ਪਟਿਆਲਾ ਵੱਲੋਂ ਪਲਾਈਵੁੱਡ ਯੂਨਿਟ ਲਗਾਉਣ ਲਈ ਆਨ ਲਾਈਨ ਰਜਿਸਟਰੇਸ਼ਨ ਸਬੰਧੀ ਵਣ ਵਿਭਾਗ ਦੀ ਸਾਈਟ ਤੇ ਅਪਲਾਈ ਕੀਤਾ ਗਿਆ ਸੀ, ਜਿਸ ਦਾ ਜ਼ਿਲ੍ਹਾ ਪੱਧਰੀ ਕਮੇਟੀ ਵੱਲੋਂ ਸਬੰਧਤ ਵਿਭਾਗਾਂ ਤੋਂ ਸਮੇਂ ਸਿਰ ਐਨ.ਓ.ਸੀ. ਪ੍ਰਾਪਤ ਹੋਣ ਉਪਰੰਤ ਇਕਾਈ ਨੂੰ ਰਜਿਸਟਰੇਸ਼ਨ ਦੀ ਪ੍ਰਵਾਨਗੀ ਦਿੰਦੇ ਹੋਏ ਕੇਸ ਵਣ ਵਿਭਾਗ ਨੂੰ ਲੋੜੀਂਦੀ ਕਾਰਵਾਈ ਲਈ ਭੇਜ ਦਿੱਤਾ ਗਿਆ। ਮੀਟਿੰਗ ਵਿੱਚ ਸਹਾਇਕ ਕਮਿਸ਼ਨਰ (ਯੂ.ਟੀ.) ਡਾ. ਅਕਸ਼ਿਤਾ ਗੁਪਤਾ, ਐਸ.ਪੀ. ਐਚ. ਹਰਵੰਤ ਕੌਰ, ਡੀ.ਡੀ.ਪੀ.ਓ. ਅਮਨਦੀਪ ਕੌਰ, ਜ਼ਿਲ੍ਹਾ ਮੈਨੇਜਰ ਅੰਗਰ ਸਿੰਘ ਸੋਹੀ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਲੋਕ ਨਿਰਮਾਣ ਵਿਭਾਗ, ਖੇਤੀਬਾੜੀ ਵਿਭਾਗ, ਜ਼ਿਲ੍ਹਾ ਜੰਗਲਾਤ ਅਫ਼ਸਰ, ਪੀ.ਐਸ.ਪੀ.ਸੀ.ਐਲ., ਜ਼ਿਲ੍ਹਾ ਟਾਊਨ ਪਲੈਨਰ ਅਤੇ ਇੰਪਰੂਵਮੈਂਟ ਟਰੱਸਟ ਦੇ ਨੁਮਾਇੰਦੇ ਵੀ ਮੌਜੂਦ ਸਨ।