ਡਿਪਟੀ ਕਮਿਸ਼ਨਰ ਜੋਰਵਾਲ ਵੱਲੋਂ ਮਿਲਾਵਟਖੋਰਾਂ ਖਿਲਾਫ਼ ਸਖ਼ਤ ਕਾਰਵਾਈ ਦੇ ਆਦੇਸ਼

  • ਖਾਣ ਪੀਣ ਵਾਲੀਆਂ ਗੈਰ ਮਿਆਰੀ ਵਸਤਾਂ ਨਾਲ ਲੋਕਾਂ ਦੀ ਜਾਨ ਨੂੰ ਜੋਖਿਮ ਵਿੱਚ ਪਾਉਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ: ਜਤਿੰਦਰ ਜੋਰਵਾਲ

ਸੰਗਰੂਰ, 12 ਮਈ : ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਅਧਿਕਾਰੀਆਂ ਨੂੰ ਸਖ਼ਤ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਜ਼ਿਲ੍ਹੇ ਵਿੱਚ ਖਾਣ ਪੀਣ ਵਾਲੀਆਂ ਗੈਰ ਮਿਆਰੀ ਵਸਤਾਂ ਦੀ ਵਿਕਰੀ ’ਤੇ ਮੁਕੰਮਲ ਰੋਕਥਾਮ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਨਿੱਜੀ ਮੁਨਾਫਿਆਂ ਲਈ ਲੋਕਾਂ ਦੀ ਜਾਨ ਨੂੰ ਜੋਖਿਮ ਵਿੱਚ ਪਾਉਣ ਵਾਲੇ ਵਿਕ੍ਰੇਤਾਵਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਨਾਲ ਹੀ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਮਿਲਾਵਟਖੋਰੀ ਨੂੰ ਰੋਕਣ ਵਿੱਚ ਦਿਖਾਈ ਜਾਣ ਵਾਲੀ ਕਿਸੇ ਵੀ ਢਿੱਲ ਮੱਠ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਇਸ ਸਬੰਧੀ ਮਿਲਣ ਵਾਲੀਆਂ ਸ਼ਿਕਾਇਤਾਂ ’ਤੇ ਵੀ ਫੌਰੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪੱਧਰੀ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੋਟਲਾਂ, ਰੈਸਟੋਰੈਂਟਾਂ, ਰੇਹੜੀਆਂ, ਢਾਬਿਆਂ, ਡਿਪਾਰਟਮੈਂਟਲ ਸਟੋਰਾਂ ਜਾਂ ਆਮ ਦੁਕਾਨਾਂ ’ਤੇ ਵੇਚੀਆਂ ਜਾਣ ਵਾਲੀਆਂ ਖਾਣ ਪੀਣ ਵਾਲੀਆਂ ਵਸਤਾਂ, ਪ੍ਰੋਟੀਨ ਸਪਲੀਮੈਂਟਾਂ, ਮਸਾਲਿਆਂ ਵਿੱਚ ਸਿੰਥੈਟਿਕ ਰੰਗਾਂ, ਦੁੱਧ, ਘਿਓ, ਸਬਜ਼ੀਆਂ ਆਦਿ ਦੀ ਨਿਰੰਤਰ ਚੈਕਿੰਗ ਕੀਤੀ ਜਾਵੇ ਅਤੇ ਜੇਕਰ ਕੋਈ ਵੀ ਵਿਕ੍ਰੇਤਾ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਵਿਭਾਗੀ ਨਿਯਮਾਂ ਤੇ ਕਾਨੂੰਨ ਮੁਤਾਬਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਜਤਿੰਦਰ ਜੋਰਵਾਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਸਰਗਰਮ ਯਤਨ ਹਨ ਕਿ ਬਜ਼ਾਰਾਂ ਵਿੱਚ ਸਾਰੇ ਨਿਵਾਸੀਆਂ ਨੂੰ ਗੁਣਵੱਤਾ ਭਰਪੂਰ, ਪੌਸ਼ਟਿਕ ਤੇ ਸਾਫ਼ ਸੁਥਰੀ ਖਾਣ-ਪੀਣ ਸਮੱਗਰੀ ਹੀ ਉਪਲਬਧ ਹੋਵੇ ਅਤੇ ਕੋਈ ਵੀ ਵਪਾਰੀ ਜਾਂ ਦੁਕਾਨਦਾਰ ਲੋਕਾਂ ਦਾ ਵਿੱਤੀ ਸੋਸ਼ਣ ਕਰਨ ਦੇ ਨਾਲ ਨਾਲ ਸਿਹਤ ਲਈ ਖ਼ਤਰਾ ਪੈਦਾ ਨਾ ਕਰ ਸਕੇ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਾਰੇ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਫੂਡ ਸੇਫ਼ਟੀ ਐਕਟ ਤਹਿਤ ਫੂਡ ਸੇਫਟੀ ਤੇ ਸਟੈਂਡਰਡ ਅਥਾਰਟੀ ਆਫ਼ ਇੰਡੀਆ (ਐਫ.ਐਸ.ਐਸ.ਏ.ਆਈ) ਵੱਲੋਂ ਕੀਤੀ ਜਾਣ ਵਾਲੀ ਰਜਿਸਟਰੇਸ਼ਨ ਤੇ ਲਾਇਸੰਸ ਜ਼ਰੂਰ ਬਣਵਾ ਲੈਣ ਕਿਉਂਕਿ ਬਾਅਦ ਵਿੱਚ ਵਿਕ੍ਰੇਤਾਵਾਂ ਵੱਲੋਂ ਜਦੋਂ ਆਪਣੇ ਵਪਾਰ ਨੂੰ ਵਧਾਉਣ ਲਈ ਜਾਂ ਹੋਰ ਕਾਰਨਾਂ ਕਰਕੇ ਬੈਂਕ ਤੋਂ ਕਰਜ਼ਾ ਆਦਿ ਲੈਣਾ ਹੁੰਦਾ ਹੈ ਤਾਂ ਉਹ ਛੇਤੀ ਤੋਂ ਛੇਤੀ ਮਿਲ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜਕਲ੍ਹ ਖਾਣ ਪੀਣ ਵਾਲੀਆਂ ਵਸਤਾਂ ਦੀ ਡੋਰ ਟੂ ਡੋਰ ਡਿਲੀਵਰੀ ਦਾ ਰੁਝਾਨ ਕਾਫ਼ੀ ਵਧ ਗਿਆ ਹੈ ਅਤੇ ਇਨ੍ਹਾਂ ਅਦਾਰਿਆਂ ਲਈ ਵੀ ਐਫ.ਐਸ.ਐਸ.ਏ.ਆਈ ਤੋਂ ਰਜਿਸਟ੍ਰੇਸ਼ਨ ਤੇ ਲਾਇਸੰਸ ਨੰਬਰ ਲੈਣਾ ਜ਼ਰੂਰੀ ਹੈ ਤਾਂ ਜੋ ਗੁਣਵੱਤਾ ਤੇ ਪੌਸ਼ਟਿਕਤਾ ਲਈ ਨਿਰਧਾਰਿਤ ਮਾਪਦੰਡਾਂ ਦੇ ਆਧਾਰ ’ਤੇ ਲੋਕਾਂ ਨੂੰ ਕੇਵਲ ਮਿਆਰੀ ਸਮਾਨ ਹੀ ਉਪਲਬਧ ਹੋ ਸਕੇ। ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਪਰਮਿੰਦਰ ਕੌਰ, ਸਹਾਇਕ ਕਮਿਸ਼ਨਰ ਫੂਡ ਅੰਮ੍ਰਿਤਪਾਲ ਸਿੰਘ, ਫੂਡ ਸੇਫ਼ਟੀ ਅਫ਼ਸਰ ਸੰਦੀਪ ਸਿੰਘ ਤੇ ਗੌਰਵ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਬਲਜੀਤ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅੰਗਰੇਜ਼ ਸਿੰਘ, ਐਸ.ਐਚ.ਓ ਮੇਜਰ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ, ਖੇਤੀਬਾੜੀ ਵਿਭਾਗ, ਉਦਯੋਗ ਵਿਭਾਗ ਤੋਂ ਇਲਾਵਾ ਭੋਜਨ ਸੁਰੱਖਿਆ ਤੇ ਨਿਊਟ੍ਰੀਸ਼ਨ, ਖਪਤਕਾਰਾਂ ਨਾਲ ਸਬੰਧਤ ਦੁਕਾਨਾਂ, ਮਿਠਾਈ ਤੇ ਹੋਰ ਵਪਾਰਕ ਸੰਗਠਨਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ।