ਡਿਪਟੀ ਕਮਿਸ਼ਨਰ ਜੋਰਵਾਲ ਵੱਲੋਂ ਅੱਠਵੀਂ ਦੀ ਪ੍ਰੀਖਿਆ ਵਿੱਚ ਮੈਰਿਟ ਵਿੱਚ ਆਈਆਂ 4 ਵਿਦਿਆਰਥਣਾਂ ਦਾ ਵਿਸ਼ੇਸ਼ ਸਨਮਾਨ

  • ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰੀ ਮਿਹਨਤ ਨਾਲ ਪੜ੍ਹਾਈ ਕਰਦੇ ਰਹਿਣ ਦਾ ਦਿੱਤਾ ਸੱਦਾ

ਸੰਗਰੂਰ, 2 ਮਈ : ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਅੱਜ ਆਪਣੇ ਦਫ਼ਤਰ ਵਿਖੇ ਉਨ੍ਹਾਂ ਚਾਰ ਵਿਦਿਆਰਥਣਾਂ ਨੂੰ ਵਿਸ਼ੇਸ਼ ਤੌਰ'ਤੇ ਸਨਮਾਨਿਤ ਕੀਤਾ, ਜਿਨ੍ਹਾਂ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਵੱਲੋਂ ਅੱਠਵੀਂ ਦੀ ਪ੍ਰੀਖਿਆ ਵਿੱਚ ਮੈਰਿਟ ਸੂਚੀ ਵਿਚ ਆਪਣਾ ਨਾਮ ਦਰਜ ਕਰਵਾਇਆ ਗਿਆ ਹੈ। ਬੱਚੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਪਣੀ ਮਿਹਨਤ ਤੇ ਲਗਨ ਨਾਲ ਪੜ੍ਹਾਈ ਵਿੱਚ ਮੱਲਾਂ ਮਾਰਨ ਵਾਲੇ ਜੇਕਰ ਦ੍ਰਿੜ ਇਰਾਦੇ ਨਾਲ ਜੁਟੇ ਰਹਿਣ ਤਾਂ ਜ਼ਿੰਦਗੀ ਵਿੱਚ ਕੋਈ ਵੀ ਮੁਕਾਮ ਹਾਸਲ ਕਰਨਾ ਮੁਸ਼ਕਲ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਹੋਣਹਾਰ ਵਿਦਿਆਰਥੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਮਦਦ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ 600 ਵਿੱਚੋਂ 592 ਅੰਕ ਲੈ ਕੇ ਪੰਜਾਬ ਵਿੱਚ 8ਵਾਂ ਰੈਂਕ ਅਤੇ ਜ਼ਿਲ੍ਹਾ ਸੰਗਰੂਰ ਵਿੱਚ ਕ੍ਰਮਵਾਰ  ਦੂਜੇ, ਤੀਜੇ ਅਤੇ ਚੌਥੇ ਸਥਾਨ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਮਲਕੀਤ ਕੌਰ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕ) ਲੌਂਗੋਵਾਲ), ਜਸਵੰਦਨਾ ਕੌਰ (ਸਰਕਾਰੀ ਮਿਡਲ ਸਕੂਲ ਹਰੀਗੜ੍ਹ) ਅਤੇ ਜਸਦੀਪ ਕੌਰ (ਸਰਕਾਰੀ ਹਾਈ ਸਕੂਲ ਮੰਗਵਾਲ) ਦੇ ਨਾਲ ਨਾਲ 600 ਵਿੱਚੋਂ 587 ਅੰਕ ਲੈਣ ਵਾਲੀ ਖੁਸ਼ੀ ਗੁਪਤਾ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕ) ਸੁਨਾਮ) ਨੂੰ ਸਨਮਾਨ ਚਿੰਨ੍ਹ ਅਤੇ ਮੈਰਿਟ ਸਰਟੀਫਿਕੇਟ ਪ੍ਰਦਾਨ ਕੀਤੇ। ਸ੍ਰੀ ਜੋਰਵਾਲ ਨੇ ਵਿਦਿਆਰਥਣਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵੀ ਮੁਬਾਰਕਬਾਦ ਦਿੱਤੀ। ਉਨ੍ਹਾਂ ਬੱਚੀਆਂ ਦੇ ਜੀਵਨ ਉਦੇਸ਼ ਬਾਰੇ ਸਵਾਲ ਪੁੱਛੇ ਅਤੇ ਆਪਣੇ ਜੀਵਨ ਸੰਘਰਸ਼ ਨਾਲ ਜੁੜੀਆਂ ਯਾਦਾਂ ਨਾਲ ਬੱਚੀਆਂ ਦੇ ਮਨੋਬਲ ਨੂੰ ਉੱਚਾ ਚੁੱਕਿਆ। ਡਿਪਟੀ ਕਮਿਸ਼ਨਰ ਨੇ ਕਿਹਾ ਸਫਲਤਾ ਅਤੇ ਅਸਫ਼ਲਤਾ ਮਨ ਦੇ ਅੰਦਰੋਂ ਹੀ ਸ਼ੁਰੂ ਹੁੰਦੀ ਹੈ ਅਤੇ ਜੇਕਰ ਅਸੀਂ ਆਪਣੇ ਵਿਚਾਰਾਂ ਨੂੰ ਸਹੀ ਦਿਸ਼ਾ ਵਿੱਚ ਲਗਾਉਣ ਵਿਚ ਕਾਮਯਾਬ ਹੋ ਜਾਂਦੇ ਹਾਂ ਤਾਂ ਇਸ ਦੇ ਚੰਗੇ ਸਿੱਟੇ ਸਾਹਮਣੇ ਆਉਂਦੇ ਹਨ। ਉਨ੍ਹਾਂ ਵਿਦਿਆਰਥਣਾਂ ਨੂੰ ਗੰਭੀਰਤਾ ਨਾਲ ਪੜ੍ਹਾਈ ਕਰਦੇ ਹੋਏ ਭਵਿੱਖ ਵਿੱਚ ਹੋਰ ਵੀ ਬੁਲੰਦੀਆਂ ਛੂਹਣ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅੰਗਰੇਜ਼ ਸਿੰਘ ਤੋਂ ਇਲਾਵਾ ਅਧਿਆਪਕ ਅਤੇ ਵਿਦਿਆਰਥਣਾਂ ਦੇ ਪਰਿਵਾਰਕ ਮੈਂਬਰ ਮੌਜੂਦ ਸਨ।