ਡਿਪਟੀ ਕਮਿਸ਼ਨਰ ਜੋਰਵਾਲ ਨੇ ਏਸ਼ਿਆਈ ਖੇਡਾਂ ਵਿੱਚ ਚਾਂਦੀ ਤਮਗਾ ਜਿੱਤਣ ਵਾਲੀ ਭਾਰਤੀ ਰੋਇੰਗ ਟੀਮ ਦੇ ਖਿਡਾਰੀ ਜਸਵਿੰਦਰ ਸਿੰਘ ਨੂੰ ਮੁਬਾਰਕਬਾਦ ਦਿੱਤੀ 

  • ਧੂਰੀ ਦੇ ਪਿੰਡ ਕਲੇਰਾਂ ਦਾ ਵਸਨੀਕ ਹੈ ਜਸਵਿੰਦਰ ਸਿੰਘ, ਡੀ.ਸੀ ਨੇ ਫੋਨ 'ਤੇ ਗੱਲਬਾਤ ਕਰਕੇ ਕੀਤਾ ਖੁਸ਼ੀ ਦਾ ਪ੍ਰਗਟਾਵਾ 

ਸੰਗਰੂਰ, 24 ਸਤੰਬਰ : ਚੀਨ ਦੇ ਹਾਂਗਜੂ ਵਿੱਚ ਆਰੰਭ ਹੋਈਆਂ ਏਸ਼ਿਆਈ ਖੇਡਾਂ ਤਹਿਤ ਹੋਏ ਰੋਇੰਗ ਮੁਕਾਬਲਿਆਂ ਵਿੱਚ ਭਾਰਤੀ ਪੁਰਸ਼ਾਂ ਦੀ ਟੀਮ ਨੇ ਕੌਕਸਡ 8 ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ ਹੈ। ਹੋਰ ਵੀ ਖੁਸ਼ੀ ਦੀ ਗੱਲ ਇਹ ਹੈ ਕਿ ਇਸ ਟੀਮ ਵਿਚ ਪੰਜਾਬ ਦੇ ਦੋ ਖਿਡਾਰੀ ਜਸਵਿੰਦਰ ਸਿੰਘ (ਸੰਗਰੂਰ) ਅਤੇ ਚਰਨਜੀਤ ਸਿੰਘ (ਬਠਿੰਡਾ) ਸ਼ਾਮਲ ਹਨ। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਟੀਮ ਵਿਚ ਸ਼ਾਮਿਲ ਧੂਰੀ ਦੇ ਪਿੰਡ ਕਲੇਰਾਂ ਦੇ ਵਸਨੀਕ ਜਸਵਿੰਦਰ ਸਿੰਘ ਨਾਲ ਹਾਂਗਜੂ ਵਿਖੇ ਉਚੇਚੇ ਤੌਰ 'ਤੇ ਫੋਨ 'ਤੇ ਗੱਲਬਾਤ ਕਰਕੇ ਕੌਮਾਂਤਰੀ ਪੱਧਰ ਉਤੇ ਦੇਸ਼, ਸੂਬੇ ਅਤੇ ਜ਼ਿਲ੍ਹਾ ਸੰਗਰੂਰ ਦਾ ਨਾਮ ਰੌਸ਼ਨ ਕਰਨ ਲਈ ਮੁਬਾਰਕਬਾਦ ਦਿੱਤੀ। ਡਿਪਟੀ ਕਮਿਸ਼ਨਰ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਉਤੇ ਸੂਬੇ ਵਿੱਚ ਖੇਡ ਸਭਿਆਚਾਰ ਦੀ ਪ੍ਰਫੁੱਲਤਾ ਲਈ ਹੋ ਰਹੇ ਸਰਗਰਮ ਉਪਰਾਲਿਆਂ ਦੀ ਕੜੀ ਤਹਿਤ ਨਵੀਂ ਖੇਡ ਨੀਤੀ ਨੂੰ ਲਾਗੂ ਕਰਦਿਆਂ 58 ਖ਼ਿਡਾਰੀਆਂ ਨੂੰ ਤਿਆਰੀ ਲਈ 4.64 ਕਰੋੜ ਰੁਪਏ ਦੀ ਨਗਦ ਰਾਸ਼ੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰੋਇੰਗ ਟੀਮ ਦੇ ਖਿਡਾਰੀ ਜਸਵਿੰਦਰ ਸਿੰਘ ਨੂੰ ਵੀ ਸਰਕਾਰ ਵੱਲੋਂ 8 ਲੱਖ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਗਈ ਹੈ ਅਤੇ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਏਸ਼ਿਆਈ ਖੇਡਾਂ ਵਿੱਚ ਸੋਨੇ, ਚਾਂਦੀ ਤੇ ਕਾਂਸੀ ਦਾ ਤਮਗ਼ਾ ਜਿੱਤਣ ਵਾਲੇ ਪੰਜਾਬੀ ਖਿਡਾਰੀਆਂ ਨੂੰ ਇਨਾਮ ਰਾਸ਼ੀ ਵਜੋਂ ਕ੍ਰਮਵਾਰ ਇਕ ਕਰੋੜ ਰੁਪਏ, 75 ਲੱਖ ਤੇ 50 ਲੱਖ ਰੁਪਏ ਦਿੱਤੇ ਜਾਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਰੀਬ 26 ਸਾਲਾਂ ਦੇ ਜਸਵਿੰਦਰ ਸਿੰਘ ਆਪਣੇ ਮਨ ਵਿੱਚ ਦੇਸ਼ ਦੀ ਸੇਵਾ ਦਾ ਜਜ਼ਬਾ ਲੈ ਕੇ ਭਾਰਤੀ ਫ਼ੌਜ ਦੀ 19 ਸਿੱਖ ਰੈਜੀਮੈਂਟ ਵਿੱਚ ਹਵਲਦਾਰ ਵਜੋਂ ਪੂਨਾ ਵਿਖੇ ਸੇਵਾ ਨਿਭਾਅ ਰਹੇ ਹਨ ਅਤੇ ਖੇਡਾਂ ਦੇ ਖੇਤਰ ਵਿੱਚ ਹਾਂਗਜੂ ਵਿੱਚ ਦਰਜ ਇਸ ਬਿਹਤਰੀਨ ਉਪਲਬਧੀ ਨਾਲ ਵੀ ਉਨ੍ਹਾਂ ਨੇ ਦੇਸ਼ ਦਾ ਮਾਣ ਵਧਾਇਆ ਹੈ। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਜਸਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਆਪਣੀ ਖੇਡ ਪ੍ਰਤਿਭਾ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ਉੱਤੇ ਪੇਸ਼ ਕਰਨ ਵਿੱਚ ਜਸਵਿੰਦਰ ਸਿੰਘ ਅਤੇ ਚਰਨਜੀਤ ਸਿੰਘ ਵਾਂਗ ਹੋਰ ਖਿਡਾਰੀ ਵੀ ਸਫਲਤਾ ਦੀ ਉਡਾਣ ਭਰਨਗੇ।