ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਸੰਭਾਵੀ ਹੜ੍ਹਾਂ ਨਾਲ ਨਜਿੱਠਣ ਦੀਆਂ ਤਿਆਰੀਆਂ ਬਾਰੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ

  • ਵਿਭਾਗੀ ਮੁਖੀਆਂ ਨੂੰ ਸਮੇਂ ਸਿਰ ਹਰ ਢੁਕਵੇਂ ਪ੍ਰਬੰਧ ਯਕੀਨੀ ਬਣਾਉਣ ਦੀ ਹਦਾਇਤ
  • ਬਰਸਾਤੀ ਨਾਲਿਆਂ, ਨਹਿਰਾਂ, ਛੱਪੜਾਂ ਦੀ ਸਫ਼ਾਈ ਤੁਰੰਤ ਯਕੀਨੀ ਬਣਾਉਣ ਦੇ ਆਦੇਸ਼
  • 15 ਜੂਨ ਤੋਂ ਸਥਾਪਤ ਹੋਵੇਗਾ ਜ਼ਿਲ੍ਹਾ ਪੱਧਰੀ ਫਲੱਡ ਕੰਟਰੋਲ ਰੂਮ

ਸੰਗਰੂਰ, 11 ਜੂਨ : ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਆਉਣ ਵਾਲੇ ਬਰਸਾਤੀ ਸੀਜ਼ਨ ਦੌਰਾਨ ਸੰਭਾਵੀ ਹੜ੍ਹਾਂ ਨਾਲ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨਿਕ ਪੱਧਰ ’ਤੇ ਕੀਤੀਆਂ ਜਾਣ ਵਾਲੀਆਂ ਤਿਆਰੀਆਂ ਬਾਰੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਿਛਲੇ ਵਰ੍ਹੇ ਆਏ ਹੜ੍ਹਾਂ ਦੌਰਾਨ ਦਰਪੇਸ਼ ਆਈਆਂ ਚੁਣੌਤੀਆਂ ਤੇ ਸਮੱਸਿਆਵਾਂ ਨਾਲ ਨਜਿੱਠਣ ਲਈ ਕੀਤੇ ਗਏ ਉਪਰਾਲਿਆਂ ਤੋਂ ਸੇਧ ਲੈਂਦੇ ਹੋਏ ਇਸ ਵਾਰ ਹਰ ਪੱਧਰ ’ਤੇ ਅਗੇਤੇ ਤੌਰ ’ਤੇ ਲੋੜੀਂਦੇ ਪ੍ਰਬੰਧਾਂ ਨੂੰ ਸਮੇਂ ਸਿਰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ 15 ਜੂਨ ਤੋਂ ਜ਼ਿਲ੍ਹਾ ਪੱਧਰੀ ਹੜ੍ਹ ਕੰਟਰੋਲ ਰੂਮ ਨੰਬਰ ਅਤੇ ਸਬ ਡਵੀਜ਼ਨ ਪੱਧਰ ’ਤੇ ਕੰਟਰੋਲ ਰੂਮ ਸਥਾਪਤ ਕਰ ਦਿੱਤਾ ਜਾਵੇਗਾ ਅਤੇ ਸਮੂਹ ਅਧਿਕਾਰੀ ਕਰਮਚਾਰੀ ਇਸ ਸਬੰਧੀ ਪਰਸਪਰ ਸਹਿਯੋਗ ਤੇ ਤਾਲਮੇਲ ਨੂੰ ਯਕੀਨੀ ਬਣਾਉਣ ਲਈ ਪਾਬੰਦ ਹੋਣਗੇ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਐਕਸੀਅਨ ਡਰੇਨੇਜ਼, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਤੇ ਕਾਰਜਸਾਧਕ ਅਫਸਰਾਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੇ ਬਰਸਾਤੀ ਨਾਲਿਆਂ, ਨਹਿਰਾਂ, ਛੱਪੜਾਂ ਆਦਿ ਦੀ ਸਾਫ਼ ਸਫਾਈ ਨੂੰ ਤੁਰੰਤ ਕਰਵਾਉਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਮੀਂਹ ਦਾ ਮੌਸਮ ਆਰੰਭ ਹੋਣ ਸਮੇਂ ਪਾਣੀ ਦੇ ਨਿਰੰਤਰ ਵਹਾਅ ਵਿੱਚ ਕੋਈ ਅੜਚਣ ਪੈਦਾ ਨਾ ਹੋਵੇ। ਸਮੀਖਿਆ ਦੌਰਾਨ ਡਿਪਟੀ ਕਮਿਸ਼ਨਰ ਨੇ ਮਿੱਟੀ ਨਾਲ ਭਰੇ ਥੈਲਿਆਂ ਦੀ ਉਪਲਬਧਤਾ, ਪੋਕਲੇਨ ਤੇ ਜੇ.ਸੀ.ਬੀ ਮਸ਼ੀਨਾਂ, ਕਿਸ਼ਤੀਆਂ, ਤੈਰਾਕਾਂ, ਮੈਡੀਕਲ ਸੁਵਿਧਾਵਾਂ, ਬਿਜਲੀ ਸਪਲਾਈ, ਟੈਲੀਫੋਨ ਸੇਵਾਵਾਂ, ਪਸ਼ੂਆਂ ਦੇ ਚਾਰੇ, ਜਰਨੇਟਰ, ਲਾਈਟਾਂ ਸਮੇਤ ਹੋਰ ਰਾਹਤ ਵਸਤਾਂ ਦੀ ਉਪਲਬਧਤਾ ਬਾਰੇ ਜਾਇਜ਼ਾ ਲਿਆ ਤੇ ਢੁਕਵੇਂ ਦਿਸ਼ਾ ਨਿਰਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਘੱਗਰ ਨੇੜਲੀਆਂ ਸੰਵੇਦਨਸ਼ੀਲ ਥਾਵਾਂ ’ਤੇ ਪੂਰੀ ਚੌਕਸੀ ਰੱਖੀ ਜਾਵੇ ਅਤੇ ਬੰਨ੍ਹਾਂ ਦੀ ਮਜ਼ਬੂਤੀ ਲਈ ਮਗਨਰੇਗਾ ਵਰਕਰਾਂ ਰਾਹੀਂ ਕਰਵਾਏ ਜਾ ਰਹੇ ਕਾਰਜਾਂ ਦੀ ਨਿਰੰਤਰ ਨਿਗਰਾਨੀ ਕੀਤੀ ਜਾਵੇ। mਮੀਟਿੰਗ ਦੌਰਾਨ ਐਸ.ਡੀ.ਐਮ ਸੰਗਰੂਰ ਚਰਨਜੋਤ ਸਿੰਘ ਵਾਲੀਆ, ਐਸ.ਡੀ.ਐਮ ਧੂਰੀ ਅਮਿਤ ਗੁਪਤਾ, ਐਸ.ਡੀ.ਐਮ ਭਵਾਨੀਗੜ੍ਹ ਵਿਨੀਤ ਕੁਮਾਰ, ਐਸ.ਡੀ.ਐਮ ਦਿੜਬਾ ਰਾਜੇਸ਼ ਸ਼ਰਮਾ, ਐਸ.ਡੀ.ਐਮ ਸੁਨਾਮ ਪ੍ਰਮੋਦ ਸਿੰਗਲਾ, ਸਹਾਇਕ ਕਮਿਸ਼ਨਰ ਉਪਿੰਦਰਜੀਤ ਕੌਰ ਬਰਾੜ, ਜ਼ਿਲ੍ਹਾ ਮਾਲ ਅਫ਼ਸਰ ਬਾਦਲ ਦੀਨ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸੁਖਚੈਨ ਸਿੰਘ ਪਾਪੜਾ, ਐਕਸੀਅਨ ਡਰੇਨੇਜ਼ ਗੁਨਦੀਪ ਬਾਂਸਲ ਸਮੇਤ ਹੋਰ ਐਕਸੀਅਨ ਤੇ ਵਿਭਾਗੀ ਮੁਖੀ ਵੀ ਹਾਜ਼ਰ ਸਨ।