ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਐਸ.ਐਸ.ਪੀ ਸਰਤਾਜ ਸਿੰਘ ਚਾਹਲ

  • ਵੱਲੋਂ 'ਲੋਕ ਸੁਵਿਧਾ ਕੈਂਪ ' ਦੌਰਾਨ ਲੋਕਾਂ ਦੀਆਂ ਸਿ਼ਕਾਇਤਾਂ ਦਾ ਮੌਕੇ 'ਤੇ ਹੀ ਨਿਪਟਾਰਾ
  • ਜ਼ਿਲ੍ਹੇ ਦੇ ਸ਼ਹਿਰੀ ਤੇ ਦਿਹਾਤੀ ਖੇਤਰਾਂ ਵਿੱਚ ਹਰ ਹਫ਼ਤੇ ਲੱਗਣਗੇ ਅਜਿਹੇ ਲੋਕ ਪੱਖੀ ਕੈਂਪ: ਜਤਿੰਦਰ ਜੋਰਵਾਲ
  • ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ 'ਤੇ ਪਹਿਰਾ ਦਿੰਦੇ ਹੋਏ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਦਿੱਤਾ ਸੱਦਾ
  • ਕੈਂਪ ਦੌਰਾਨ ਵਿਭਾਗੀ ਸੇਵਾਵਾਂ ਹਾਸਲ ਕਰਨ ਵਾਲਿਆਂ ਨੇ ਕੀਤਾ ਸਰਕਾਰ ਦਾ ਧੰਨਵਾਦ

ਧੂਰੀ/ਸੰਗਰੂਰ, 2 ਜੁਲਾਈ 2024 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਏ ਜਾ ਰਹੇ ਲੋਕ ਸੁਵਿਧਾ ਕੈਂਪ, ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨਜ਼ਦੀਕ ਜਾ ਕੇ ਨਾਗਰਿਕ ਕੇਂਦਰਿਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਲਾਹੇਵੰਦ ਸਾਬਤ ਹੋ ਰਹੇ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਅੱਜ ਜਿ਼ਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਸਮੇਤ ਧੂਰੀ ਨੇੜਲੇ ਪਿੰਡ ਭਲਵਾਨ ਵਿਖੇ ਆਯੋਜਿਤ ਲੋਕ ਸੁਵਿਧਾ ਕੈਂਪ ਦਾ ਜਾਇਜ਼ਾ ਲੈਂਦਿਆਂ ਕੀਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਸ਼ਾਸਨ ਤੇ ਪੁਲਿਸ ਦੇ ਅਧਿਕਾਰੀ ਤੇ ਅਮਲਾ ਖੁਦ ਦਿਹਾਤੀ ਤੇ ਸ਼ਹਿਰੀ ਖੇਤਰਾਂ ਵਿੱਚ ਜਾ ਕੇ ਲੋਕਾਂ ਦੀਆਂ ਪ੍ਰਸ਼ਾਸਨਿਕ ਜ਼ਰੂਰਤਾਂ ਨੂੰ ਪੂਰਾ ਕਰ ਰਿਹਾ ਹੈ ਤਾਂ ਜ਼ੋ ਨਾਗਰਿਕਾਂ ਨੂੰ ਸਰਕਾਰੀ ਦਫ਼ਤਰਾਂ ਵਿਖੇ ਆਉਣ—ਜਾਣ ਵਿੱਚ ਆਪਣਾ ਸਮਾਂ ਤੇ ਧਨ ਨਸ਼ਟ ਨਾ ਕਰਨਾ ਪਵੇ। ਇਸ ਮੌਕੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਐਸ.ਐਸ.ਪੀ ਸਰਤਾਜ ਸਿੰਘ ਚਾਹਲ ਨੇ ਕੈਂਪ ਦੌਰਾਨ ਲਗਭਗ 3 ਘੰਟੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਮੌਕੇ 'ਤੇ ਹੀ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਬੰਧਤ ਸਮੱਸਿਆਵਾਂ ਦੇ ਤਰਜੀਹੀ ਆਧਾਰ 'ਤੇ ਯੋਗ ਨਿਪਟਾਰੇ ਦੇ ਆਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਲੋਕ ਪੱਖੀ ਸੋਚ ਨੂੰ ਜਿ਼ਲ੍ਹੇ ਵਿੱਚ ਇੰਨ ਬਿੰਨ ਲਾਗੂ ਕਰਦੇ ਹੋਏ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕਿਸੇ ਵੀ ਨਾਗਰਿਕ ਨੂੰ ਆਪਣੇ ਕੰਮਕਾਰ ਕਰਵਾਉਣ ਵਿੱਚ ਵਿਭਾਗੀ ਪੱਧਰ 'ਤੇ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਪੱਧਰ 'ਤੇ ਲੋਕਾਂ ਕੋਲੋਂ ਕੰਮ ਦੇ ਇਵਜ਼ ਵਿੱਚ ਰਿਸ਼ਵਤ ਦੀ ਮੰਗ ਕੀਤੀ ਜਾਂਦੀ ਹੈ ਤਾਂ ਫੌਰੀ ਮਾਮਲਾ ਧਿਆਨ ਵਿੱਚ ਲਿਆਂਦਾ ਜਾਵੇ। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਲਈ ਸਰਗਰਮ ਯਤਨ ਕੀਤੇ ਜਾ ਰਹੇ ਹਨ ਜਿਸ ਵਿੱਚ ਲੋਕਾਂ ਦੇ ਸਹਿਯੋਗ ਦੀ ਵੀ ਬਹੁਤ ਲੋੜ ਹੈ।