ਡਿਪਟੀ ਕਮਿਸ਼ਨਰ ਵੱਲੋਂ ਸਫ਼ਾਈ ਵਿਵਸਥਾ ਨੂੰ ਹੋਰ ਬਿਹਤਰ ਬਣਾਉਣ ਲਈ 3 ਦਿਨਾਂ ਅੰਦਰ ਐਕਸ਼ਨ ਪਲਾਨ ਬਣਾਉਣ ਦੀ ਹਦਾਇਤ

  • ਕੂੜਾ ਕਰਕਟ ਸੁੱਟ ਕੇ ਗੰਦਗੀ ਫੈਲਾਉਣ ਵਾਲਿਆਂ ਦੇ ਹੋਣਗੇ ਚਲਾਨ
  • ਹਰ ਗਲੀ ਦੇ ਬਾਹਰ ਸਫਾਈ ਸੇਵਕ ਦਾ ਨਾਮ ਤੇ ਸਮਾਂ ਦਰਸਾਉਂਦੇ ਬੋਰਡ ਲਾਉਣ ਦੀ ਹਦਾਇਤ
  • ਡਿਪਟੀ ਕਮਿਸ਼ਨਰ ਵੱਲੋਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀ ‘ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਚੱਲ ਰਹੀਆਂ ਗਤੀਵਿਧੀਆਂ ਦੀ ਵਿਸਤ੍ਰਿਤ ਸਮੀਖਿਆ

ਸੰਗਰੂਰ, 23 ਸਤੰਬਰ : ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਅੱਜ ਸਮੂਹ ਕਾਰਜਸਾਧਕ ਅਫ਼ਸਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਅਧੀਨ ਆਉਂਦੇ ਦਾਇਰੇ ਵਿੱਚ ਸਫਾਈ ਵਿਵਸਥਾ ਦੀ ਮਜ਼ਬੂਤੀ ਨੂੰ ਯਕੀਨੀ ਬਣਾਉਣ ਲਈ ਤਿੰਨ ਦਿਨਾਂ ਦੇ ਅੰਦਰ ਮੁਢਲਾ ਐਕਸ਼ਨ ਪਲਾਨ ਤਿਆਰ ਕਰਨ ਤਾਂ ਜੋ ਯੋਜਨਾਬੱਧ ਢੰਗ ਨਾਲ ‘ਸਵੱਛਤਾ ਹੀ ਸੇਵਾ’ ਮੁਹਿੰਮ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਪਣੇ ਆਲੇ ਦੁਆਲੇ ਦੀ ਸਾਫ਼ ਸਫਾਈ ਨੂੰ ਯਕੀਨੀ ਬਣਾਉਣਾ ਸਭ ਦਾ ਨੈਤਿਕ ਫਰਜ਼ ਹੈ ਅਤੇ ਜੇਕਰ ਕੋਈ ਵੀ ਵਿਅਕਤੀ ਜਾਣਬੁੱਝ ਕੇ ਆਪਣੇ ਅਜਿਹੇ ਨੈਤਿਕ ਫਰਜ਼ਾਂ ਤੋਂ ਮੂੰਹ ਮੋੜ ਕੇ ਘਰਾਂ ਦਾ ਕੂੜਾ ਕਰਕਟ ਜਨਤਕ ਸਥਾਨਾਂ, ਰਿਹਾਇਸ਼ੀ ਤੇ ਵਪਾਰਕ ਸੰਸਥਾਨਾਂ ਦੇ ਆਲੇ ਦੁਆਲੇ ਸੁੱਟ ਕੇ ਗੰਦਗੀ ਫੈਲਾਉਂਦਾ ਪਾਇਆ ਜਾਂਦਾ ਹੈ ਤਾਂ ਐਮ.ਸੀ ਐਕਟ ਅਧੀਨ ਚਲਾਨ ਕੱਟ ਕੇ ਜੁਰਮਾਨਾ ਲਗਾਉਣ ਵਿੱਚ ਢਿੱਲ ਨਾ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਸਫਾਈ ਦੇ ਕਾਰਜਾਂ ਲਈ ਸਮਾਂ ਨਿਰਧਾਰਿਤ ਕਰਦੇ ਹੋਏ ਹਰ ਗਲੀ ਦੇ ਬਾਹਰ ਸਬੰਧਤ ਸਫਾਈ ਸੇਵਕ ਦਾ ਮੋਬਾਇਲ ਨੰਬਰ ਅਤੇ ਸਫਾਈ ਦੇ ਸਮੇਂ ਨੂੰ ਦਰਸਾਉਂਦੇ ਸੂਚਨਾ ਬੋਰਡ ਲਗਾਏ ਜਾਣ ਤਾਂ ਜੋ ਨਿਰੰਤਰ ਨਿਗਰਾਨੀ ਹੋ ਸਕੇ। ਡਿਪਟੀ ਕਮਿਸ਼ਨਰ ਨੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ‘ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਅਮਲ ਵਿੱਚ ਲਿਆਂਦੀਆਂ ਜਾ ਰਹੀਆਂ ਜਾਗਰੂਕਤਾ ਗਤੀਵਿਧੀਆਂ ਬਾਰੇ ਵੀ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਇੰਡੀਅਨ ਸਵੱਛਤਾ ਲੀਗ 2.0, ਸਫਾਈ ਮਿੱਤਰ ਸੁਰੱਖਿਆ ਕੈਂਪ, ਪਿੰਡਾਂ ਦੀ ਸਾਫ ਸਫਾਈ, ਹਰਾ ਗਿੱਲਾ ਸੁੱਕਾ ਨੀਲਾ ਮੁਹਿੰਮ, ਰਹਿੰਦ ਖੂੰਹਦ ਵਾਲੀਆਂ ਥਾਂਵਾਂ ਦੀ ਸਾਫ ਸਫਾਈ, ਪਿੰਡਾਂ ਨੂੰ ਓ ਡੀ ਐੱਫ ਪਲੱਸ ਕਰਨ ਸਮੇਤ ਹੋਰ ਕਾਰਜਾਂ ਨੂੰ ਨਿਰਧਾਰਿਤ ਸਮੇਂ ਅੰਦਰ ਮੁਕੰਮਲ ਕੀਤਾ ਜਾਵੇ। ਜਤਿੰਦਰ ਜੋਰਵਾਲ ਨੇ ਤਰਲ ਕੂੜਾ ਪ੍ਰਬੰਧਨ ਤੇ ਠੋਸ ਕੂੜਾ ਪ੍ਰਬੰਧਨ, ਕੰਪੋਸਟ ਪਿੱਟਾਂ ਦੇ ਨਿਰਮਾਣ, ਸਵੱਛ ਭਾਰਤ ਮਿਸ਼ਨ ਗ੍ਰਾਮੀਣ ਆਦਿ ਸਬੰਧੀ ਹੋ ਰਹੇ ਕੰਮਾਂ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਕਾਰਜਸਾਧਕ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਘਰਾਂ ਵਿੱਚੋਂ ਕੂੜਾ ਕਰਕਟ ਇਕੱਤਰ ਕਰਨ ਸਮੇਂ ਵਰਤੇ ਜਾਣ ਵਾਲੇ ਵਾਹਨਾਂ ਵਿੱਚੋਂ ਕੂੜਾ ਕਰਕਟ ਰਸਤਿਆਂ ਵਿੱਚ ਨਾ ਖਿੱਲਰੇ ਅਤੇ ਕੂੜੇ ਦੇ ਡੰਪਾਂ ਤੋਂ ਸਮੇਂ ਸਿਰ ਕੂੜੇ ਦੀ ਚੁਕਾਈ ਨੂੰ ਯਕੀਨੀ ਬਣਾਇਆ ਜਾਵੇ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਮੁਹਿੰਮ ਤਹਿਤ ਚੱਲ ਰਹੇ ਜਾਗਰੂਕਤਾ ਪ੍ਰੋਗਰਾਮਾਂ ਦੀ ਸਮਾਂ ਸਾਰਨੀ ਵੀ ਜਾਰੀ ਕੀਤੀ ਗਈ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਜੀਤ ਵਾਲੀਆ, ਸਹਾਇਕ ਕਮਿਸ਼ਨਰ ਜਸਪਿੰਦਰ ਸਿੰਘ, ਐਕਸੀਅਨ ਜਲ ਸਪਲਾਈ ਤੇ ਸੈਨੀਟੇਸ਼ਨ ਚਮਕ ਸਿੰਗਲਾ, ਐਕਸੀਅਨ ਪੰਚਾਇਤੀ ਰਾਜ ਰਣਜੀਤ ਸਿੰਘ ਸ਼ੇਰਗਿੱਲ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸੁਖਚੈਨ ਸਿੰਘ, ਉਪ ਮੰਡਲ ਇੰਜੀ ਰਮਨ ਗਰਗ ਦੇ ਨਾਲ ਨਾਲ ਸਮੂਹ ਈ.ਓ ਤੇ ਬੀ.ਡੀ.ਪੀ.ਓ ਵੀ ਹਾਜ਼ਰ ਸਨ।