ਬਾਰਡਰ ਪੱਟੀ ਦੇ ਪਿੰਡਾਂ ਵਿੱਚ ਝੋਨੇ ਦੀ ਪਰਾਲੀ ਨਾ ਸਾੜਨ ਲਈ ਡਿਪਟੀ ਕਮਿਸ਼ਨਰ ਨੇ  ਕੀਤੀ ਮੀਟਿੰਗ

  • ਪਰਾਲੀ ਸਾੜਨ ਦੀ ਪ੍ਰਥਾ ਬੰਦ ਕਰਨ ਲਈ ਸਾਰੇ ਵਿਭਾਗ ਕਾਰਜ ਯੋਜਨਾ ਅਨੁਸਾਰ ਤਨਦੇਹੀ ਨਾਲ ਕੰਮ ਕਰਨ: ਡਿਪਟੀ ਕਮਿਸ਼ਨਰ

ਫਾਜ਼ਿਲਕਾ 23 ਸਤੰਬਰ 2024 : ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਅੱਜ ਇੱਥੇ ਬਾਰਡਰ ਪੱਟੀ ਦੇ ਪਿੰਡਾਂ ਵਿੱਚ ਝੋਨੇ ਦੀ ਵਾਢੀ ਤੋਂ ਬਾਅਦ ਪਰਾਲੀ ਸਾੜਨ ਦੀ ਪ੍ਰਥਾ ਨੂੰ ਬੰਦ ਕਰਨ ਲਈ ਕੀਤੀ ਯੋਜਨਾ ਬੰਦੀ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਕਿਸਾਨਾਂ ਨੂੰ ਜਿੱਥੇ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਉੱਥੇ ਹੀ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਇਸ ਸਬੰਧੀ ਤਨਦੇਹੀ ਨਾਲ ਕਾਰਜ ਯੋਜਨਾ ਅਨੁਸਾਰ ਕੰਮ ਕਰਨ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਵੱਧ ਤੋਂ ਵੱਧ ਕਿਸਾਨਾਂ ਨਾਲ ਰਾਬਤਾ ਕਰਕੇ ਉਹਨਾਂ ਨੂੰ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਦੇ ਤਕਨੀਕੀ ਨੁਕਤੇ ਅਤੇ ਉਪਲਬਧ ਮਸ਼ੀਨਰੀ ਦੀ ਜਾਣਕਾਰੀ ਦਿੱਤੀ ਜਾਵੇ ਅਤੇ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਜਾਵੇ। ਉਹਨਾਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਮਸ਼ੀਨਾਂ ਪਰਾਲੀ ਦੇ ਪ੍ਰਬੰਧ ਲਈ ਉਪਲਬਧ ਹਨ। ਉਹਨਾਂ ਨੇ ਖੇਤੀਬਾੜੀ ਵਿਭਾਗ ਨੂੰ ਇਹਨਾਂ ਮਸ਼ੀਨਾਂ ਦੀ ਪਿੰਡ ਵਾਰ ਸੂਚੀ ਤਿਆਰ ਕਰਨ ਅਤੇ ਇਨਾਂ ਦੀ ਮੈਪਿੰਗ ਕਰਨ ਦੀ ਹਦਾਇਤ ਕੀਤੀ। ਉਹਨਾਂ ਨੇ ਦੱਸਿਆ ਕਿ ਇਸ ਵਾਰ ਪਿਛਲੇ ਸਾਲ ਰਹੇ ਹੋਟ ਸਪੋਟ ਪਿੰਡਾਂ ਤੇ ਵਿਸ਼ੇਸ਼ ਨਜ਼ਰ ਰਹੇਗੀ ਅਤੇ ਇੱਥੇ ਪੂਰੀ ਚੌਕਸੀ ਰੱਖੀ ਜਾਵੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਕੇਸ਼ ਕੁਮਾਰ ਪੋਪਲੀ, ਜ਼ਿਲਾ ਖੇਤੀਬਾੜੀ ਅਫਸਰ ਸੰਦੀਪ ਰਿਣਵਾ, ਡੀਡੀਪੀਓ ਗੁਰਦਰਸ਼ਨ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।