ਡਿਪਟੀ ਕਮਿਸ਼ਨਰ ਨੇ ਹੜ੍ਹਾਂ ਤੋਂ ਬਾਅਦ ਕੀਤੇ ਜਾਣ ਵਾਲੇ ਕੰਮਾ ਬਾਰੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ

  • ਹੜਾਂ ਕਾਰਨ ਹੋਏ ਨੁਕਸਾਨ ਜਾਂ ਕਿਸੇ ਤਰ੍ਹਾਂ ਦੀ ਸਹੂਲਤ ਲੈਣ ਲਈ ਸਬੰਧਤ ਐੱਸ ਡੀ ਐੱਮ ਨਾਲ ਕੀਤਾ ਜਾਵੇ ਸੰਪਰਕ
  • ਖੇਤਾਂ ਚ ਖੜਾ ਪਾਣੀ ਸਬੰਧਤ ਵਿਭਾਗ ਦੇ ਧਿਆਨ ਵਿੱਚ ਲਿਆ ਕੇ ਪ੍ਰਕਿਰਿਆ ਕੀਤੀ ਜਾਵੇ ਸ਼ੁਰੂ
  • ਲੋਕਾਂ ਨੂੰ ਅਮਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ

ਫ਼ਤਹਿਗੜ੍ਹ ਸਾਹਿਬ 11 ਜੁਲਾਈ : ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਅੱਜ ਹੜ੍ਹਾਂ ਤੋਂ ਬਾਅਦ ਹੋਏ ਨੁਕਸਾਨ ਅਤੇ ਹੋਰ ਅਹਿਮ ਕੰਮਾਂ ਸਬੰਧੀ ਜ਼ਿਲ੍ਹੇ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।  ਮੀਟਿੰਗ ਦੌਰਾਨ ਉਨ੍ਹਾਂ ਸਿਵਲ ਸਰਜਨ ਨੂੰ ਕਿਹਾ ਕਿ ਮੈਡੀਕਲ ਟੀਮਾਂ ਬਣਾ ਕੇ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ। ਉਨ੍ਹਾਂ ਕਾਰਜ ਸਾਧਕ ਅਫਸਰਾਂ ਤੇ ਬੀਡੀਪੀਓਜ ਨੂੰ ਹਦਾਇਤ ਕੀਤੀ ਕਿ ਪਿੰਡਾਂ ਤੇ ਸ਼ਹਿਰਾਂ ਵਿੱਚ ਮੱਛਰ ਮਾਰਨ ਵਾਲੀ ਦਵਾਈ ਦਾ ਛਿੜਕਾਅ ਕੀਤਾ ਜਾਵੇ ਤਾਂ ਜੋ ਬਿਮਾਰੀਆਂ ਨਾ ਫੈਲ ਸਕਣ। ਪਰਨੀਤ ਸ਼ੇਰਗਿੱਲ ਨੇ ਇਸ ਮੌਕੇ ਦੱਸਿਆ ਕਿ ਜ਼ਿਲ੍ਹੇ ਵਿੱਚ ਪਾਣੀ ਘਟਣਾ ਸ਼ੁਰੂ ਹੋ ਗਿਆ ਹੈ ਅਤੇ ਹਾਲਾਤ ਪਹਿਲਾਂ ਨਾਲੋਂ ਸੁਖਾਵੇਂ ਹਨ। ਉਨ੍ਹਾਂ ਦੱਸਿਆ ਕਿ ਹੜ੍ਹਾਂ ਕਾਰਨ ਜੇਕਰ ਕਿਸੇ ਦਾ ਕੋਈ ਨੁਕਸਾਨ ਹੋਇਆ ਹੈ ਜਾਂ ਕਿਸੇ ਰਾਸ਼ਨ ਆਦਿ ਦੀ ਲੋੜ ਹੈ ਤਾਂ ਉਹ ਆਪਣੇ ਸਬੰਧਤ ਐੱਸ ਡੀ ਐੱਮ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਅਨੁਮਾਨ ਲਗਾ ਕੇ ਮੁਆਵਜਾ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਹੜੇ ਕਿਸਾਨਾਂ ਦੇ ਖੇਤਾਂ ਵਿੱਚ ਪਾਣੀ ਖੜ੍ਹਾ ਹੈ ਉਹ ਅਮਨ ਕਾਨੂੰਨ ਦੀ ਪਾਲਣਾ ਕਰਦੇ ਹੋਏ ਸਬੰਧਤ ਐੱਸ ਡੀ ਐੱਮ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਪੂਰੀ ਸਥਿਤੀ ਬਾਰੇ ਜਾਣੂ ਕਰਵਾਉਣ ਜਿਸ ਉਪਰੰਤ ਖੇਤਾਂ ਵਿਚੋਂ ਪਾਣੀ ਕੱਢਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸਹੂਲਤ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹੜ੍ਹਾਂ ਬਾਅਦ ਰਾਹਤ ਕਾਰਜ ਹੋਰ ਤੇਜ਼ ਕੀਤੇ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਕਿ ਹੜ੍ਹਾਂ ਦਾ ਪਾਣੀ ਕੱਢਣ ਵਾਸਤੇ ਸੜਕਾਂ ਜਾਂ ਹੋਰ ਰਸਤੇ ਨਾ ਪੁੱਟੇ ਜਾਣ, ਜੇਕਰ ਜਿਆਦਾ ਲੋੜ ਪੈਂਦੀ ਹੈ ਤਾਂ ਸੰਬਧਤ ਐਸ ਡੀ ਐਮ ਦੇ ਧਿਆਨ ਵਿੱਚ ਲਿਆਂਦਾ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਹਰਜੋਤ ਕੌਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ ਸਿੰਘ ਧਾਲੀਵਾਲ, ਐਸ.ਡੀ.ਐਮ. ਖਮਾਣੋਂ ਡਾ: ਸੰਜੀਵ ਕੁਮਾਰ, ਐਸ.ਡੀ.ਐਮ. ਅਮਲੋਹ ਗੁਰਵਿੰਦਰ ਸਿੰਘ ਜੌਹਲ, ਐਸ.ਡੀ.ਐਮ. ਬਸੀ ਪਠਾਣਾ ਅਸ਼ੋਕ ਕੁਮਾਰ, ਸਹਾਇਕ ਕਮਿਸ਼ਨਰ (ਜ) ਅਭਿਸ਼ੇਕ ਸ਼ਰਮਾ, ਡੀ ਐਸ ਪੀ ਜਸਪਿੰਦਰ ਸਿੰਘ, ਸਿਵਲ ਸਰਜਨ ਡ. ਦਵਿੰਦਰਜੀਤ ਕੌਰ, ਡੀ ਆਰ ਓ ਸੰਦੀਪ ਸਿੰਘ, ਤਹਿਸੀਲਦਾਰ ਬਾਦਲਦੀਨ, ਸਮੂਹ ਕਾਰਜਸਾਧਕ ਅਫਸਰ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।