ਡਿਪਟੀ ਕਮਿਸ਼ਨਰ ਵੱਲੋਂਂ ਲੀਡ ਬੈਂਕ ਬਰਨਾਲਾ ਨਾਲ ਮੀਟਿੰਗ ਕੀਤੀ ਗਈ

ਬਰਨਾਲਾ, 21 ਦਸੰਬਰ (ਭੁਪਿੰਦਰ ਸਿੰਘ ਧਨੇਰ) : ਨਾਬਾਰਡ ਵੱਲੋਂ ਆਗਾਮੀ ਵਿੱਤੀ ਵਰ੍ਹੇ 2022-23 ਲਈ ਬਰਨਾਲਾ ਦੇ ਬੈਕਾਂ ਨੂੰ ਕਰਜ਼ਾ ਮੁਹੱਈਆ ਕਰਨ ਵਾਸਤੇ 5800 ਰੁ ਕਰੋੜ ਵੱਧ ਕਰਜ਼ ਰਕਮ ਦੇਣ ਦਾ ਟੀਚਾ ਮਿੱਥਿਆ ਹੈ। ਇਨ੍ਹਾਂ ਵਿਚੋਂ 4350 ਰੁ ਕਰੋੜ ਖੇਤੀਬਾੜੀ ਅਤੇ ਸਬੰਧਿਤ ਖੇਤਰ, 490 ਰੁ ਕਰੋੜ ਐਮ. ਐੱਸ. ਐਮ. ਏ ਖੇਤਰ ਅਤੇ ਬਾਕੀ ਸੈਕਟਰਾਂ ਲਈ 960 ਰੁ ਕਰੋੜ ਕਰਜ਼ੇ ਦਿੱਤੇ ਜਾਣਗੇ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਵੱਲੋਂਂ ਲੀਡ ਬੈਂਕ ਬਰਨਾਲਾ ਦੀ ਮੀਟਿੰਗ ਵਿੱਚ ਕੀਤਾ ਗਿਆ। ਮੀਟਿੰਗ ਦੌਰਾਨ ਪੂਨਮਦੀਪ ਕੌਰ ਨੇ ਕਿਹਾ ਕਿ ਨਾਬਾਰਡ ਵੱਲੋਂ ਜ਼ਿਲ੍ਹੇ ਦੀਆਂ ਕਾਰੋਬਾਰੀ ਸੰਸਥਾਵਾਂ ਅਤੇ ਬੈਂਕਾਂ ਦੀ ਪ੍ਰਗਤੀ ਦੇ ਆਧਾਰ ’ਤੇ ਸੰਭਾਵਿਤ ਕਰਜ਼ਾ ਯੋਜਨਾ ਤਿਆਰ ਕੀਤੀ ਗਈ ਹੈ। ਉਹਨਾਂ ਵੱਖ ਵੱਖ ਬੈਂਕਾਂ ਤੋਂ ਆਏ ਨੁਮਾਇੰਦਿਆਂ ਨੂੰ ਹਿਦਾਯਤ ਕੀਤੀ ਕਿ ਉਹ ਆਪਣੇ -ਆਪਣੇ ਏ. ਟੀ. ਐਮ. ਮਸ਼ੀਨਾਂ ਉੱਤੇ ਸੀ. ਸੀ. ਟੀ. ਵੀ ਕੈਮਰਿਆਂ ਲਗਾਏ ਜਾਂ ਅਤੇ ਹਰ ਇਕ ਥਾਂ ਉੱਤੇ ਗਾਰਡ ਤਾਇਨਾਤ ਕੀਤੇ ਜਾਣ। ਉਨ੍ਹਾਂ ਕਿਹਾ ਕਿ ਬੈਂਕ ਅਧਿਕਾਰੀ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਭਲਾਈ ਸਕੀਮਾਂ ਨੂੰ ਹੇਠਲੇ ਪੱਧਰ ਤੱਕ ਲਾਗੂ ਕਰਾਉਣਾ ਯਕੀਨੀ ਬਣਾਉਣ। ਉਨ੍ਹਾਂ ਬੈਂਕਾਂ ਦੀਆਂ ਸਰਕਾਰੀ ਸਕੀਮਾਂ ਨੂੰ ਪਾਰਦਰਸ਼ੀ ਤਰੀਕੇ ਨਾਲ ਅਤੇ ਇਮਾਨਦਾਰੀ ਨਾਲ ਲਾਗੂ ਕਰਨ ਦੀਆਂ ਹਦਾਇਤਾਂ ਕਰਦੇ ਹੋਏ ਬੈਂਕ ਦੇ ਕੰਮ-ਕਾਜ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਬੈਂਕ ਅਧਿਕਾਰੀਆਂ ਨੂੰ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਦੀ ਸਹਾਇਤਾ ਕਰਨ ’ਤੇ ਜ਼ੋਰ ਦਿੱਤਾ ਤਾਂ ਜੋ ਉਹ ਆਪਣਾ  ਕਾਰੋਬਾਰ ਸ਼ੁਰੂ ਕਰਕੇ ਜੀਵਨ ਪੱਧਰ ਉੱਚਾ ਕਰ ਸਕਣ। ਰਿਜ਼ਰਵ ਬੈਂਕ ਓਫ ਇੰਡੀਆ ਤੋਂ ਲੋਕੇਸ਼ ਬਹਿਲ, ਨਾਬਾਰਡ ਤੋਂ ਪਰਵਿੰਦਰ ਕੌਰ, ਜ਼ਿਲ੍ਹਾ ਐੱਲ. ਡੀ. ਐੱਮ ਮੋਹਿੰਦਰ ਪਾਲ ਗਰਗ ਅਤੇ ਵੱਖ ਵੱਖ ਬੈਂਕਾਂ ਦੇ ਮੁਖੀ ਹਾਜ਼ਰ ਸਨ।