ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਸਿਵਲ ਹਸਪਤਾਲ ਦਾ ਦੌਰਾ ਕਰ ਸਿਹਤ ਅਧਿਕਾਰੀਆਂ ਨਾਲ ਕੀਤੀ ਮੀਟਿੰਗ

  • ਸਿਵਲ ਹਸਪਤਾਲਾਂ ਵਿਖੇ ਹੀ ਦਵਾਈਆਂ ਦੀ ਉਪਲਬਧਤਾ ਬਣਾਈ ਜਾਵੇ ਯਕੀਨੀ—ਡਿਪਟੀ ਕਮਿਸ਼ਨਰ
  • ਹਸਪਤਾਲ ਵਿਖੇ ਮਿਲ ਰਹੀਆਂ ਸਿਹਤ ਸਹੂਲਤਾਂ ਬਾਰੇ ਲੋਕਾਂ ਤੋਂ ਜਾਣਿਆ, ਪ੍ਰਗਟਾਈ ਸੰਤੁਸ਼ਟੀ

ਫਾਜ਼ਿਲਕਾ, 2 ਫਰਵਰੀ : ਸਿਵਲ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿਖੇ ਹੀ ਮਰੀਜਾਂ ਨੂੰ ਦਵਾਈਆਂ ਦੇ ਨਾਲ—ਨਾਲ ਹੋਰ ਵੱਖ—ਵੱਖ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੰਤਵ ਤਹਿਤ ਜ਼ਿਲੇ੍ਹ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਸਿਵਲ ਹਸਪਤਾਲ ਫਾਜ਼ਿਲਕਾ ਦਾ ਦੌਰਾ ਕਰਕੇ ਜਿਥੇ ਅਧਿਕਾਰੀਆ ਨਾਲ ਮੀਟਿੰਗ ਕੀਤੀ ਉਥੇ ਉਨਾਂ ਵੱਖ—ਵੱਖ ਵਾਰਡਾਂ ਵਿਚ ਜਾ ਕੇ ਮਰੀਜਾਂ ਦਾ ਹਾਲ—ਚਾਲ ਜਾਣਿਆ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਮਰੀਜਾਂ ਨੂੰ ਦਵਾਈਆਂ ਸਿਵਲ ਹਸਪਤਾਲ ਵਿਖੇ ਹੀ ਮੁਹੱਈਆ ਕਰਵਾਈਆਂ ਜਾਣ।ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਲੋੜ ਅਨੁਸਾਰ ਦਵਾਈਆਂ ਦੀ ਉਪਲਬਧਤਾ ਸਿਵਲ ਹਸਪਤਾਲਾਂ ਵਿਖੇ ਹੀ ਯਕੀਨੀ ਬਣਾਈ ਜਾਵੇ।ਉਨ੍ਹਾਂ ਕਿਹਾ ਕਿ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਕਿਸੇ ਵੀ ਮਰੀਜ ਨੂੰ ਬਾਹਰ ਦੀ ਦਵਾਈ ਨਾ ਲਿਖੀ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਦੀ ਸਿਹਤ ਸਕੀਮਾਂ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਆਦਿ ਬਾਰੇ ਵੀ ਸਿਹਤ ਕੇਂਦਰਾਂ ਵਿਖੇ ਜਾਗਰੂਕਤਾ ਬੋਰਡ ਲਗਾਏ ਜਾਣ। ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਸਿਵਲ ਹਸਪਤਾਲ ਦੇ ਵੱਖ—ਵੱਖ ਵਾਰਡਾਂ ਦਾ ਦੌਰਾ ਕਰਦਿਆਂ ਮਰੀਜਾਂ ਤੋਂ ਮਿਲ ਰਹੀਆਂ ਸਿਹਤ ਸਹੂਲਤਾਂ ਬਾਰੇ ਪੁਛਿਆ, ਆਪਣਾ ਇਲਾਜ ਕਰਵਾਉਣ ਆਏ ਮਰੀਜਾਂ ਨੇ ਸਿਹਤ ਸੇਵਾਵਾਂ ਦੀ ਸੰਤੁਸ਼ਟੀ ਪ੍ਰਗਟ ਕੀਤੀ।ਇਸ ਮੌਕੇ ਉਨ੍ਹਾਂ ਕਿਹਾ ਕਿ ਹਸਪਤਾਲ ਵਿਖੇ ਸਾਫ—ਸਫਾਈ ਨੂੰ ਯਕੀਨੀ ਬਣਾਇਆ ਜਾਵੇ।ਉਨ੍ਹਾਂ ਕਿਹਾ ਕਿ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ ਸਾਫ—ਸਫਾਈ ਬਹੁਤ ਲਾਜਮੀ ਹੈ। ਉਨ੍ਹਾਂ ਐਕਸਰੇ ਵਾਰਡ, ਦਵਾਈਆਂ ਵਾਲੇ ਸਟੋਰ ਆਦਿ ਹੋਰ ਵਾਰਡਾਂ ਵਿਖੇ ਪਹੁੰਚ ਕੇ ਵੀ ਸਟਾਫ ਨਾਲ ਗਲਬਾਤ ਕੀਤੀ ਅਤੇ ਵਿਸ਼ੇਸ਼ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਕਿਸੇ ਵੀ ਮਰੀਜ ਨੂੰ ਕੋਈ ਦਿੱਕਤ ਨਾ ਆਉਣ ਦਿੱਤੀ ਜਾਵੇ। ਉਨ੍ਹਾਂ ਅਧਿਕਾਰੀਆ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਸਿਹਤ ਸੇਵਾਵਾਂ ਲੈਣ ਆਉਣ ਵਾਲਿਆਂ ਨਾਲ ਚੰਗਾ ਵਤੀਰਾ ਵਰਤਿਆ ਜਾਵੇ ਅਤੇ ਸਰਕਾਰ ਦੀਆਂ ਸਿਹਤ ਸਕੀਮਾਂ ਤੇ ਯੋਜਨਾਵਾ ਦਾ ਲਾਜਮੀ ਤੌਰ *ਤੇ ਲਾਹਾ ਦਿੱਤਾ ਜਾਵੇ। ਇਸ ਮੌਕੇ ਸਿਵਲ ਸਰਜਨ (ਵਾਧੂ ਚਾਰਜ) ਡਾ. ਕਵਿਤਾ ਸਿੰਘ, ਸੀਨੀਅਰ ਮੈਡੀਕਲ ਅਫਸਰ ਡਾ. ਐਰਿਕ, ਡਾ. ਵਿਕਾਸ ਗਾਂਧੀ, ਡਾ. ਨੀਰਜਾ, ਡਾ. ਗਗਨਦੀਪ ਸਿੰਘ, ਡਾ. ਪੰਕਜ, ਡਾ. ਨਵੀਨ ਮਿੱਤਲ, ਅਤਿੰਦਰ ਸਿੰਘ ਆਦਿ ਸਿਹਤ ਸਟਾਫ ਮੌਜੂਦ ਸੀ।