ਡਿਪਟੀ ਕਮਿਸ਼ਨਰ ਅਤੇ ਵਿਧਾਇਕ ਸਰਦੂਲਗੜ੍ਹ ਨੇ ਭਗਵਾਨਪੁਰ ਹੀਂਗਣਾਂ, ਭੱਲਣਵਾੜਾ, ਭੂੰਦੜ ਤੇ ਸਰਦੂਲਗੜ੍ਹ ਵਿਖੇ ਘੱਗਰ ਦਰਿਆ ਦਾ ਜਾਇਜ਼ਾ ਲਿਆ

  • ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ : ਗੁਰਪ੍ਰੀਤ ਸਿੰਘ ਬਣਾਂਵਾਲੀ
  • ਜ਼ਿਲ੍ਹਾ ਵਾਸੀਆਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਜ਼ਿਲ੍ਹਾ ਪ੍ਰਸ਼ਾਸਨ ਕਾਰਜ਼ਸੀਲ-ਡੀ.ਸੀ

ਮਾਨਸਾ, 12 ਜ਼ੁਲਾਈ : ਪੰਜਾਬ ਦੇ ਉਪਰਲੇ ਹਿੱਸਿਆਂ ’ਚ ਹੋਈ ਭਾਰੀ ਬਾਰਿਸ਼ ਨਾਲ ਘੱਗਰ ਦਰਿਆ ਵਿਚ ਆ ਰਹੇ ਪਾਣੀ ਦੇ ਮੱਦੇਨਜ਼ਰ ਅਗੇਤੇ ਪ੍ਰਬੰਧਾਂ ਲਈ ਵਿਧਾਇਕ ਸਰਦੂਲਗੜ੍ਹ ਸ੍ਰ ਗੁਰਪ੍ਰੀਤ ਸਿੰਘ ਬਣਾਂਵਾਲੀ ਤੇ ਡਿਪਟੀ ਕਮਿਸ਼ਨਰ ਰਿਸੀਪਾਲ ਸਿੰਘ ਨੇ ਪਿੰਡ ਭਗਵਾਨਪੁਰ ਹੀਂਗਣਾ, ਭੱਲਣਵਾੜਾ, ਭੂੰਦੜ ਅਤੇ ਸਰਦੂਲਗੜ੍ਹ ਦੇ ਘੱਗਰ ਵਿਖੇ ਸੰਭਾਵਿਤ ਹੜ੍ਹ ਪ੍ਰਬੰਧਾਂ ਦੀ ਸਮੀਖਿਆ ਲਈ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਐਸ.ਡੀ.ਐਮ ਸਰਦੂਲਗੜ੍ਹ ਸ੍ਰੀ ਅਮਰਿੰਦਰ ਸਿੰਘ ਮੱਲ੍ਹੀ ਵੀ ਮੌਜੂਦ ਸਨ। ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਇਸ ਔਖੀ ਘੜੀ ਵਿੱਚ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਰਿਸੀਪਾਲ ਦੀ ਅਗਵਾਈ ਹੇਠ ਸੰਭਾਵੀ ਹੜ੍ਹਾਂ ਦੀ ਸਥਿਤੀ ਦੇ ਮੱਦੇਨਜਰ ਪਹਿਲਾ ਤੋਂ ਯੋਜਨਾਬੱਧ ਤਰੀਕੇ ਨਾਲ ਕੀਤੇ ਪ੍ਰਬੰਧਾਂ ਤੇ ਸੰਤੁਸ਼ਟੀ ਜ਼ਾਹਿਰ ਕੀਤੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਤਰ੍ਹਾ ਦੀਆਂ ਅਫਵਾਹਾਂ ’ਤੇ ਯਕੀਨ ਨਾ ਕਰਨ ਅਤੇ ਨਾ ਘਬਰਾਹਟ ਵਿੱਚ ਆਉਣ ਸਗੋ ਲੋੜ ਪੈਣ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਥਾਪਤ ਕੀਤੇ ਕੰਟਰੋਲ ਰੂਮ ਨਾਲ ਸੰਪਰਕ ਕੀਤਾ ਜਾਵੇ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਪਿੰਡ ਭੱਲਣਵਾੜਾ ’ਚ ਲੰਘਦੇ ਘੱਗਰ ਦੇ ਨਾਜ਼ੁਕ ਕਿਨਾਰਿਆਂ ’ਤੇ ਜਲ ਨਿਕਾਸ ਵਿਭਾਗ ਵੱਲੋਂ ਮਿੱਟੀ ਨਾਲ ਭਰੇ ਗੱਟੇ ਲਗਾਉਣ ਅਤੇੇ ਪਿੰਡ ਸਾਧੂਵਾਲਾ ਅਤੇ ਭੂੰਦੜ ਵਿਖੇ ਕਮਜ਼ੋਰ ਬੰਨ੍ਹ ਵਾਲੀ ਥਾਵਾਂ ਨੂੰ ਮਜ਼ਬੂਤ ਕਰਨ ਦੀ ਜਿੱਥੇ ਸ਼ਲਾਘਾ ਕੀਤੀ, ਉਥੇ ਘੱਗਰ ਅਤੇ ਨੇੜਲੇ ਪਿੰਡ ਜਿੱਥੋਂ ਘੱਗਰ ਲੰਘਦਾ ਹੈ ਹਰ ਸਮੇਂ ਪਾਣੀ ਦੇ ਪੱਧਰ ’ਤੇ ਨਜ਼ਰਸਾਨੀ ਰੱਖਣ ਦੀ ਹਦਾਇਤ ਕੀਤੀ।  ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹਾ ਵਾਸੀਆਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਚੌਕਸ ਹੈ ਅਤੇ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਕਰਨ ਲਈ ਨਿਰੰਤਰ ਕਾਰਜ਼ਸੀਲ ਹੈ। ਐਕਸ਼ੀਅਨ ਸਰੂਪ ਚੰਦ ਨੇ ਦੱਸਿਆ ਕਿ 25 ਹਜ਼ਾਰ ਗੱਟੇ ਭਰ ਕੇ ਤਿਆਰ ਰੱਖ ਲਏ ਗਏ ਹਨ ਅਤੇ 25 ਹਜ਼ਾਰ ਹੋਰ ਖਾਲੀ ਗੱਟਿਆਂ ਦੀ ਭਰਾਈ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਲੋੜ ਅਨੁਸਾਰ ਵਰਤੋਂ ’ਚ ਲਿਆਂਦਾ ਜਾਵੇਗਾ।