ਡਿਪਟੀ ਕਮਿਸ਼ਨਰ ਤੇ ਵਿਧਾਇਕ ਫਾਜ਼ਿਲਕਾ ਨੇ ਪਿੰਡ ਬੇਗਾਂ ਵਾਲੀ ਵਿਖੇ ਮੀਆਂਵਾਕੀ ਪਲਾਂਟੇਸ਼ਨ ਦੀ ਕਰਵਾਈ ਸ਼ੁਰੂਆਤ

  • ਰੰਗਲੇ ਪੰਜਾਬ ਦੇ ਸੁਪਨੇ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਉਪਰਾਲੇ ਜਾਰੀ–ਨਰਿੰਦਰ ਪਾਲ ਸਿੰਘ ਸਵਨਾ
  • ਹਰ ਪਿੰਡ ਵਾਸੀ ਇੱਕ-ਇੱਕ ਪੌਦਾ ਜ਼ਰੂਰ ਲਗਾਵੇ ਅਤੇ ਪੌਦੇ ਦੀ ਸਾਂਭ ਸੰਭਾਲ ਵੀ ਕਰੇ-ਡਿਪਟੀ ਕਮਿਸ਼ਨਰ

ਫਾਜ਼ਿਲਕਾ 20 ਜੁਲਾਈ : ਪ੍ਰਦੂਸ਼ਣ ਮੁਕਤ ਵਾਤਾਵਰਣ ਸਿਰਜਣ ਅਤੇ ਆਲਾ-ਦੁਆਲਾ ਹਰਿਆ-ਭਰਿਆ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਮੀਆਂਵਾਕੀ ਤਕਨੀਕੀ ਨਾਲ ਬੂਟੇ ਲਗਾ ਕੇ ਪਾਰਕ ਬਣਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ ਜਿਸ ਦੀ ਲਗਾਤਾਰਤਾ ਵਿਚ ਪਿੰਡ ਬੇਗਾਂ ਵਾਲੀ ਵਿਖੇ 4 ਏਕੜ ਵਿਚ ਮੀਆਂਵਾਕੀ ਤਕਨੀਕ ਨਾਲ ਪਾਰਕ ਬਣਾਇਆ ਜਾਣਾ ਹੈ ਜਿਸ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਅਤੇ ਫਾਜ਼ਿਲਕਾ ਦੇ ਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਵੱਲੋਂ ਕੀਤੀ ਗਈ। ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਵੇਖਿਆ ਹੈ ਜਿਸ ਵਿਚ ਵਾਤਾਵਰਣ ਨੂੰ ਸ਼ੁੱਧ ਰੱਖਣਾ ਇਕ ਅਹਿਮ ਕੜੀ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸ਼ੁੱਧੀ ਤੇ ਹਰੇ-ਭਰੇ ਵਾਤਾਵਰਨ ਦੀ ਪ੍ਰਾਪਤੀ ਵੱਧ ਤੋਂ ਵੱਧ ਬੂਟੇ ਲਗਾ ਕੇ ਹੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸੰਭਾਲ ਵਿਚ ਸਾਨੂੰ ਸਭਨਾਂ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ। ਵਿਧਾਇਕ ਸ੍ਰੀ ਸਵਨਾ ਨੇ ਪਿੰਡ ਬੇਗਾਂ ਵਾਲੀ ਵਿਖੇ ਸਰਪੰਚ ਸੁਰਿੰਦਰ ਕੁਮਾਰ (ਬਿਲੂ ਸਰਪੰਚ) ਅਤੇ ਪ੍ਰਦੀਪ ਕੁਮਾਰ ਦੇ ਖੇਤ ਵਿੱਚ ਪਾਰਕ ਦੀ ਸ਼ੁਰੂਆਤ ਕਰਨ ਮੌਕੇ ਪਿੰਡ ਵਾਸੀਆਂ ਨੂੰ ਪਾਰਕ ਦੀ ਸਾਂਭ ਸੰਭਾਲ ਕਰਨ ਲਈ ਪ੍ਰੇਰਿਤ ਕਰਦਿਆਂ ਵਾਤਾਵਰਣ ਨੂੰ ਸ਼ੁੱਧ ਬਣਾਉਣ ਲਈ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਲਹਿਰ ਸ਼ੁਰੂ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਸੇਨੂ ਦੁੱਗਲ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਜ਼ਿਲੇ੍ਹ ਦੇ ਵੱਖ-ਵੱਖ ਪਿੰਡਾਂ ਵਿਚ ਮੀਆਂਵਾਕੀ ਤਕਨੀਕ ਨਾਲ ਵੱਖ-ਵੱਖ ਤਰ੍ਹਾਂ ਦੇ ਪੌਦੇ ਲਗਾ ਕੇ ਮਿਨੀ ਜੰਗਲ ਬਣਾਉਣ ਦੀ ਯੋਜਨਾ ਉਲੀਕੀ ਗਈ ਹੈ ਜਿਸ ਤਹਿਤ ਜ਼ਿਲੇਹ ਦੇ ਕਈ ਪਿੰਡਾਂ ਵਿਚ ਇਹ ਮੀਆਂਵਾਕੀ ਤਕਨੀਕੀ ਅਪਣਾਈ ਗਈ ਹੈ ਤੇ ਕਾਫੀ ਕਾਰਗਰ ਸਿੱਧ ਹੋਈ ਹੈ ਤੇ ਕੁਝ ਹੀ ਸਮੇਂ ਵਿਚ ਇਹ ਮਿੰਨੀ ਜੰਗਲ ਬਣ ਕੇ ਤਿਆਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਲਗਭਗ 4 ਏਕੜ ਵਿਚ ਪਿੰਡ ਬੇਗਾਂਵਾਲੀ ਵਿਚ ਮੀਆਂਵਾਕੀ ਤਕਨੀਕ ਨਾਲ ਬੂਟੇ ਲਗਾਉਣ ਦੀ ਪ੍ਰਕਿਰਿਆ ਨਾਲ ਇਹ ਜਮੀਨ ਵੀ ਮਿੰਨੀ ਜੰਗਲ ਦਾ ਰੂਪ ਧਾਰ ਲਵੇਗੀ। ਉਨ੍ਹਾਂ ਕਿਹਾ ਕਿ ਇਹ ਮਿਨੀ ਜੰਗਲ ਪੰਚਾਇਤੀ ਵਿਭਾਗ ਅਤੇ ਮਗਨਰੇਗਾ ਵਰਕਰਾਂ ਰਾਹੀਂ ਤਿਆਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤਕਨੀਕ ਨਾਲ ਜਮੀਨ ਵਿਖੇ 35 ਤੋਂ 40 ਕਿਸਮਾਂ ਦੇ ਵੱਖ-ਵੱਖ ਪੌਦੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਤਕਨੀਕ ਨਾਲ ਇਕ ਏਕੜ ਵਿਚ ਲਗਭਗ 9 ਹਜਾਰ ਪੌਦੇ ਲਗਦੇ ਹਨ ਜੋ ਕਿ ਹਰਿਆ-ਭਰਿਆ ਵਾਤਾਵਰਣ ਬਣਾਉਂਦੇ ਹਨ। ਇਸ ਦੌਰਾਨ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਅਤੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਇਕ ਇਕ ਬੂਟਾ ਲਗਾਇਆ ਤੇ ਸਾਰਿਆਂ ਨੂੰ ਬੂਟੇ ਲਗਾਉਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਪੌਦੇ ਲਗਾਉਣ ਦੇ ਨਾਲ-ਨਾਲ ਪੌਦਿਆਂ ਦੀ ਸਾਂਭ-ਸੰਭਾਲ ਬਹੁਤ ਜ਼ਰੂਰੀ ਹੈ। ਇਸ ਮੌਕੇ ਉਨ੍ਹਾਂ ਮਗਨਰੇਗਾ ਵਰਕਰਾਂ ਨਾਲ ਗੱਲਬਾਤ ਵੀ ਕੀਤੀ ਤੇ ਮਗਨਰੇਗਾ ਜੋਬ ਕਾਰਡ ਹੋਲਡਰਾਂ ਤੋਂ ਜਾਣਕਾਰੀ ਹਾਸਲ ਕੀਤੀ ਕਿ ਰੋਜਾਨਾ ਪੱਧਰ ਤੇ ਉਨ੍ਹਾਂ ਨੂੰ ਕੰਮ ਮਿਲ ਰਿਹਾ ਹੈ ਜਿਸ ਤੇ ਉਨ੍ਹਾਂ ਵੱਲੋਂ ਹਾਮੀ ਪ੍ਰਗਟਾਈ ਗਈ। ਡਿਪਟੀ ਕਮਿਸ਼ਨਰ ਅਤੇ ਵਿਧਾਇਕ ਫਾਜ਼ਿਲਕਾ ਵੱਲੋਂ ਪਿੰਡ ਬੇਗਾਂਵਾਲੀ ਤੋਂ ਫਾਜ਼ਿਲਕਾ ਨੂੰ ਮੁੜਦੇ ਹੋਏ ਇਕ ਹੱਥੀ ਵਸਤੂਆਂ ਤਿਆਰ ਕਰਨ ਵਾਲੀ ਦੁਕਾਨ *ਤੇ ਵੀ ਰੁਕੇ ਜਿਥੇ ਸੀ ਕਰਾਫਟ ਨਾਮੀ ਦੁਕਾਨ ਦੇ ਮਾਲਕ ਨਾਲ ਮੁਲਾਕਾਤ ਕੀਤੀ। ਉਨ੍ਹਾਂ ਹੱਥੀ ਵਸਤੂਆਂ ਤਿਆਰ ਕਰਨ ਵਾਲੇ ਦੁਕਾਨਦਾਰ ਕਰਨ ਦੀ ਹੌਸਲਾ ਅਫਜਾਈ ਵੀ ਕੀਤੀ ਜੋ ਕਿ ਆਪਣੇ ਹੁਨਰ ਨੂੰ ਵਸਤੂਆਂ ਦੇ ਰੂਪ ਵਿਚ ਪੇਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਇਸ ਕਲਾ ਨੂੰ ਹੋਰ ਨਿਖਾਰੇ ਤੇ ਹੋਰਨਾ ਲਈ ਵੀ ਪ੍ਰੇਰਣਾ ਸਰੋਤ ਬਣੇ। ਉਨ੍ਹਾਂ ਤਿਆਰ ਕੀਤੀਆਂ ਵਸਤੂਆਂ ਤੋਂ ਪ੍ਰਭਾਵਿਤ ਹੋ ਕੇ ਆਪਣੀ ਨੇਕ ਕਮਾਈ ਵਿਚੋਂ ਵਸਤੂ ਦੀ ਖਰੀਦ ਵੀ ਕੀਤੀ। ਇਸ ਮੌਕੇ ਡੀ.ਡੀ.ਐਫ. ਅਸ਼ੀਸ਼ ਦੂਬੇ, ਆਪ ਆਗੂ ਅਰੂਨ ਵਧਵਾ, ਸੰਦੀਪ ਕੁਮਾਰ ਏ.ਪੀ.ਓ, ਕਰਮਜੀਤ ਸਿੰਘ ਟੀ.ਏ. ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।