ਸਿਹਤ ਵਿਭਾਗ ਨੇ ਮਨਾਇਆ "ਵਿਸ਼ਵ ਰੇਬੀਜ਼ ਦਿਵਸ”

ਬਰਨਾਲਾ, 28 ਸਤੰਬਰ : ਸਿਹਤ ਵਿਭਾਗ ਬਰਨਾਲਾ ਵੱਲੋਂ ਡਾ. ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਦੇ ਦਿਸ਼ਾ ਨਿਰਦੇਸ਼ ਅਧੀਨ ਜਿਲੇ ਦੀਆਂ ਵੱਖ ਵੱਖ ਸਰਕਾਰੀ ਸਿਹਤ ਸੰਸਥਾਵਾਂ ਵਿੱਚ "ਵਿਸ਼ਵ ਰੇਬੀਜ਼ ਦਿਵਸ" “ਆਲ ਫਾਰ ਵੰਨ, ਵੰਨ ਹੈਲਥ ਫਾਰ ਆਲ” ਵਿਸੇ ਤਹਿਤ ਮਨਾਇਆ ਗਿਆ। ਇਸ ਮੌਕੇ ਰੇਬੀਜ ਦਿਵਸ ਸਬੰਧੀ ਜਾਗਰੂਕਤਾ ਪੋਸਟਰ ਦਫ਼ਤਰ ਸਿਵਲ ਸਰਜਨ ਬਰਨਾਲਾ ਵਿਖੇ ਜਾਰੀ ਕੀਤਾ ਗਏ ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਇਸ ਸਬੰਧੀ ਜਾਗਰੂਕ ਕੀਤਾ ਜਾਵੇ। ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਜਾਨਵਰ ਦੇ ਵੱਢੇ ,ਚੱਟੇ ਜਾਂ ਖਰੋਚਾਂ ਨੂੰ ਕਦੀ ਅਣਦੇਖਾ ਨਹੀਂ ਕਰਨਾ ਚਾਹੀਦਾ ਸਗੋਂ ਕੁਝ ਛੋਟੀਆ ਗੱਲਾਂ ਦਾ ਖਿਆਲ ਰੱਖਕੇ  ਬਚਾਅ ਕੀਤਾ ਜਾ ਸਕਦਾ ਹੈ। ਜਿਵੇਂ ਹਲਕਾਅ ਤੋਂ ਬਚਾਅ ਲਈ ਆਪਣੇ ਪਾਲਤੂ ਜਾਨਵਰਾਂ ਦਾ ਟੀਕਾਕਰਨ ਕਰਵਾਉਂਦੇ ਰਹਿਣਾ ਚਾਹੀਦਾ ਹੈ, ਪਾਲਤੂ ਜਾਨਵਰ ਨੂੰ ਜਰੂਰਤ ਅਨੁਸਾਰ ਖੁਰਾਕ ਅਤੇ ਰਹਿਣ ਲਈ ਸੁਰੱਖਿਅਤ ਜਗ੍ਹਾ ਦੇਣੀ ਚਾਹੀਦੀ ਹੈ, ਪਾਲਤੂ ਕੁੱਤੇ ਅਤੇ ਬਿੱਲੀ ਨੂੰ ਗਲੀਆਂ ਅਤੇ ਜਨਤਕ ਥਾਵਾਂ `ਤੇ ਖੁੱਲਾ ਨਾ ਛੱਡੋ, ਜਾਨਵਰਾਂ ਦੁਆਰਾਂ ਵੱਢੇ ਜਖਮ ਨੂੰ ਸਾਬਣ ਅਤੇ ਚਲਦੇ ਪਾਣੀ ਜਾਂ ਮੌਕੇ ਤੇ ਉਪਲਬਧ ਡਿਸਇਨਫੈਕਟੈਂਟ ਨਾਲ ਤੁਰੰਤ ਧੋਣਾ ਚਾਹੀਦਾ ਹੈ। ਡਾ ਔਲ਼ਖ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜਾਨਵਰਾਂ ਦੇ ਕੱਟੇ ਜਾਣ `ਤੇ ਇਲਾਜ ਲਈ ਟੀਕੇ ਸਰਕਾਰੀ ਜਿਲਾ ਹਸਪਤਾਲਾਂ , ਸਬ ਡਵੀਜਨਲ ਹਸਪਤਾਲ ਅਤੇ ਕਮਿਊਨਟੀ ਹੈਲਥ ਸੈਂਟਰਾਂ ਵਿੱਚ ਬਿਲਕੁਲ ਮੁਫਤ ਲਗਾਏ ਜਾਂਦੇ ਹਨ। ਸਿਵਲ ਸਰਜਨ ਬਰਨਾਲਾ ਨੇ ਕਿਹਾ ਕਿ ਹਲਕਾਅ ਦੀ ਬਿਮਾਰੀ ਮਨੁੱਖਾਂ ਅਤੇ ਕੁੱਤੇ ਲਈ ਜਾਨਲੇਵਾ ਹੈ ।ਜੇਕਰ ਕੁੱਤੇ ਨੂੰ ਹਲਕਾਅ ਦੀ ਬਿਮਾਰੀ ਹੋਵੇ ਤਾਂ ਉਸ ਦੇ ਵੱਢਣ ਨਾਲ ਵੀ ਹਲਕਾਅ ਦੀ ਬਿਮਾਰੀ  ਹੋ ਸਕਦੀ ਹੈ।ਇਸ ਲਈ ਅਜਿਹੇ ਕੁੱਤੇ ਦੇ ਵੱਢੇ ਉਪਰੰਤ ਡਾਕਟਰੀ ਸਹਾਇਤਾ ਲਓ ਅਤੇ ਆਪਣਾ ਜੀਵਨ ਬਚਾਓ। ਇਸ ਮੌਕੇ ਕੁਲਦੀਪ ਸਿੰਘ ਮਾਨ ਜਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ ਅਤੇ ਹਰਜੀਤ ਸਿੰਘ ਜਿਲ੍ਹਾ ਬੀ ਸੀ ਸੀ ਕੋਆਰਡੀਨੇਟਰ ਨੇ ਦੱਸਿਆ ਕਿ ਕੁੱਤਿਆਂ ਨੂੰ ਕਦੇ ਵੀ ਤੰਗ ਨਾ ਕਰੋ ਅਤੇ ਉਨਾਂ ਨਾਲ ਦੁਰਵਿਹਾਰ ਨਾ ਕਰੋ ਅਤੇ ਆਪਣੇ ਮਾਪੇ ਅਧਿਆਪਕ ਅਤੇ ਦੋਸਤਾਂ ਨੂੰ ਯਾਦ ਕਰਵਾਓ ਕਿ ਹਰ ਸਾਲ ਕੁੱਤਿਆਂ ਦਾ ਟੀਕਾਕਰਨ ਕਰਵਾਓ ਤਾਂ ਜੋ ਹਲਕਾਅ ਦੀ ਬਿਮਾਰੀ ਨੂੰ ਰੋਕਿਆ ਜਾ ਸਕੇ। ਇਸ ਸਮੇਂ ਅੰਧ ਵਿਸਵਾਸ ਨੀਮ ਹਕੀਮਾਂ ਤੋਂ ਬਚਣਾ ਚਾਹੀਦਾ ਹੈ।ਕਿਉਂਕਿ ਇਸ ਦਾ ਬਾਅਦ ਚ ਇਲਾਜ ਨਹੀਂ ਹੈ। ਇਸ ਮੌਕੇ ਡਾ ਮਨੋਹਰ ਲਾਲ ਸਹਾਇਕ ਸਿਵਲ ਸਰਜਨ , ਡਾ ਪ੍ਰਵੇਸ਼ ਕੁਮਾਰ ਜਿਲਾ ਪਰਿਵਾਰ ਭਲਾਈ ਅਫਸਰ , ਡਾ ਗੁਰਮਿੰਦਰ ਕੌਰ ਔਜਲਾ ਡਿਪਟੀ ਮੈਡੀਕਲ ਕਮਿਸ਼ਨਰ , ਡਾ ਗੁਰਮੇਲ ਸਿੰਘ ਢਿੱਲੋਂ   ਅਤੇ ਸੁਰਿੰਦਰ ਸਿੰਘ ਹੈਲਥ ਇੰਸਪੈਕਟਰ, ਬਚਿੱਤਰ ਸਿੰਘ ਐਸ ਐਲ ਟੀ , ਗਣੇਸ਼ ਦੱਤ , ਜਸਵਿੰਦਰ ਸਿੰਘ ,ਗੁਲਾਬ ਸਿੰਘ ਸਿਹਤ ਕਰਮੀ ਆਦਿ ਹਾਜ਼ਰ ਸਨ ।