ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਬਰਵਾਲੀ ਖੁਰਦ ਵਿਖੇ ਜਾਗਰੂਕਤਾ ਕੈਂਪ ਲਗਾਇਆ

ਫ਼ਤਹਿਗੜ੍ਹ ਸਾਹਿਬ, 05 ਸਤੰਬਰ 2024 : ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਮੁੱਖ ਖੇਤੀਬਾੜੀ ਅਫਸਰ ਡਾ: ਧਰਮਿੰਦਰਜੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਪਰਾਲੀ ਦੀ ਸੰਭਾਲ ਸਬੰਧੀ ਬਰਵਾਲੀ ਖੁਰਦ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਬਲਾਕ ਖੇਤੀਬਾੜੀ ਅਫਸਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਮਾਹਰਾਂ ਵੱਲੋਂ ਕਈ ਤਰ੍ਹਾਂ ਦੀਆਂ ਮਸ਼ੀਨਾਂ ਵਿਕਸਤ ਕੀਤੀਆਂ ਗਈਆਂ ਹਨ ਜਿਨ੍ਹਾਂ ਨਾਲ ਪਰਾਲੀ ਨੂੰ ਬੜੀ ਆਸਾਨੀ ਨਾਲ ਖੇਤਾਂ ਵਿੱਚ ਮਿਲਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਜ਼ਮੀਨ ਵਿੱਚ ਮਿਲਾਉਣ ਨਾਲ ਜਿਥੇ ਜਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੁੰਦਾ ਹੈ ਉਥੇ ਹੀ ਫਸਲ ਦੀ ਪੈਦਾਵਾਰ ਵੀ ਚੰਗੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਧਾਨ ਦੀ ਕਟਾਈ ਸਮੇਂ ਕੰਬਾਇਨ ਦੇ ਪਿੱਛੇ ਐਸ.ਐਮ.ਐਸ. ਜਰੂਰ ਲਗਾਉਣਾ ਚਾਹੀਦਾ ਹੈ ਜੋ ਕਿ ਪਰਾਲੀ ਦੀ ਬਾਰੀਕ ਟੁਕੜੇ ਕਰਕੇ ਖੇਤ ਵਿੱਚ ਖਿਲਾਰ ਦਿੰਦਾ ਹੈ। ਇਸ ਤੋਂ ਬਾਅਦ ਬਿਨਾਂ ਪਰਾਲੀ ਨੂੰ ਅੱਗ ਲਗਾਏ ਕਣਕ ਦੀ ਬਿਜਾਈ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਇਸ ਮਸ਼ੀਨ ਨਾਲ ਆਲੂ ਦੀ ਬਿਜਾਈ ਵੀ ਕੀਤੀ ਜਾ ਸਕਦੀ ਹੈ। ਬਲਾਕ ਖੇਤੀਬਾੜੀ ਅਫਸਰ ਨੇ ਕਿਹਾ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਐਸ.ਐਮ.ਐਸ. ਅਤੇ ਆਲੂ ਦੀ ਬਿਜਾਈ ਵਾਲੀਆਂ ਮਸ਼ੀਨਾਂ ਤੇ ਵੀ 50 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਇਸ ਮੌਕੇ ਅਗਾਂਹਵਧੂ ਕਿਸਾਨ ਕਮਲਜੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ 8 ਸਾਲਾਂ ਤੋਂ ਪਰਾਲੀ ਨੂੰ ਖੇਤਾਂ ਵਿੱਚ ਹੀ ਰਲਾ ਕੇ ਆਲੂ ਦੀ ਬਿਜਾਈ ਕਰਦੇ ਆ ਰਹੇ ਹਨ। ਇਸ ਨਾਲ ਉਨ੍ਹਾਂ ਦੇ ਖੇਤਾਂ ਵਿੱਚ ਬਰਸਾਤ ਹੋਣ ਦੇ ਬਾਵਜੂਦ ਵੀ ਆਲੂ ਖਰਾਬ ਨਹੀਂ ਹੁੰਦੇ ਸਗੋਂ ਆਲੂਆਂ ਦੀ ਕੁਆਲਿਟੀ ਬਹੁਤ ਵਧੀਆ ਹੁੰਦੀ ਹੈ। ਬਾਗਬਾਨੀ ਵਿਭਾਗ ਦੇ ਅਮਰਜੀਤ ਸਿੰਘ ਨੇ ਕਿਸਾਨਾਂ ਨੂੰ ਵਿਭਾਗ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਗਬਾਨੀ ਵਿਭਾਗ ਵੱਲੋਂ ਕਿਸਾਨਾਂ ਲਈ ਫਲਦਾਰ ਬੂਟੇ, ਮੌਸਮੀ ਸਬਜ਼ੀਆਂ ਦੇ ਬੀਜਾਂ ਦੇ ਨਾਲ-ਨਾਲ ਖੁੰਬਾਂ ਦੀ ਕਾਸ਼ਤ ਬਾਰੇ ਸਿਖਲਾਈ ਵੀ ਦਿੱਤੀ ਜਾਂਦੀ ਹੈ। ਵੈਟਰਨਰੀ ਅਫਸਰ ਡਾ: ਮੁਹੰਮਦ ਸਕੀਮ ਨੇ ਕਿਹਾ ਕਿ ਦੁਧਾਰੂ ਪਸ਼ੂਆਂ ਨੂੰ ਵੱਖ-ਵੱਖ ਬਿਮਾਰੀਆਂ ਤੋਂ ਬਚਾਉਣ ਲਈ ਟੀਕਾਕਰਨ ਬਹੁਤ ਜਰੂਰੀ ਹੈ। ਇਸ ਮੌਕੇ ਖੇਤੀਬਾੜੀ ਵਿਭਾਗ ਦੇ ਮੁਖਤਿਆਰ ਸਿੰਘ, ਖੁਸ਼ਪ੍ਰੀਤ ਕੌਰ, ਅਗਾਂਹਵਧੂ ਕਿਸਾਨ ਦਲਬੀਰ ਸਿੰਘ, ਰਘਬੀਰ ਸਿੰਘ, ਮਨਪ੍ਰੀਤ ਸਿੰਘ, ਪ੍ਰਭਜੋਤ ਸਿੰਘ, ਹਰਿੰਦਰ ਸਿੰਘ ਤੇ ਜਗਤਾਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਕਿਸਾਨਾਂ ਨੇ ਭਾਗ ਲਿਆ।