ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ 8637 ਕੱਚੇ ਅਧਿਆਪਕਾਂ ਤੇ ਕੀਤੇ ਅੰਨ੍ਹੇਵਾਹ ਲਾਠੀਚਾਰਜ ਦੀ ਸਖ਼ਤ ਨਿਖੇਧੀ

ਸੰਗਰੂਰ, 2 ਜੁਲਾਈ : 8637 ਕੱਚੇ ਅਧਿਆਪਕਾਂ ਵੱਲੋਂ ਸੀ ਐਸਆਰ ਰੂਲਾਂ ਅਤੇ ਬਣਦੇ ਪੇਅ ਸਕੇਲ ਦੇ ਅਨੁਸਾਰ ਰੈਗੂਲਰਾਈਜੇਸਨ ਨੂੰ ਲੈ ਕੇ ਸੰਗਰੂਰ ਨਜ਼ਦੀਕ ਪਿੰਡ ਖੁਰਾਣਾ ਵਿਖੇ ਰੈਲੀ ਕੀਤੀ ਗਈ ਅਤੇ ਜਦੋਂ ਅਧਿਆਪਕ ਮੁਜ਼ਾਹਰਾ ਕਰਨ ਉਪਰੰਤ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਵੱਲ ਸ਼ਾਂਤੀਪੂਰਨ ਮਾਰਚ ਕਰ ਰਹੇ ਸੀ ਤਾਂ ਪੁਲਿਸ ਵੱਲੋਂ ਅਧਿਆਪਕਾਂ ਨਾਲ ਗੱਲਬਾਤ ਕਰਨ ਦੀ ਥਾਂ ਉਨ੍ਹਾਂ ਨਾਲ ਧੱਕਾ ਮੁੱਕੀ ਕੀਤੀ ਅਤੇ ਅੰਨੇਵਾਹ ਲਾਠੀਚਾਰਜ ਕੀਤਾ ਗਿਆ ਅਤੇ 79 ਦੇ ਕਰੀਬ ਅਧਿਆਪਕਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਡੱਕਿਆ ਗਿਆ, ਜਿਸਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਰਨਲ ਸਕੱਤਰ ਮੁਕੇਸ਼ ਗੁਜਰਾਤੀ ਅਤੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਸਰਕਾਰ ਦੇ ਇਸ ਤਾਨਾਸ਼ਾਹੀ ਕੰਮ ਦੀ ਨਿਖੇਧੀ ਕਰਦਿਆਂ ਕਿਹਾ ਕਿ ਕਿਸ ਤਰ੍ਹਾਂ ਧਰਨਿਆਂ ਵਿਚੋਂ ਨਿੱਕਲੀ ਆਮ ਆਦਮੀ ਪਾਰਟੀ ਆਪਣੇ ਖਿਲਾਫ ਆਵਾਜ਼ ਨੂੰ ਲੋਕਤੰਤਰੀ ਤਰੀਕੇ ਨਾਲ ਸੁਨਣ ਦੀ ਬਜਾਏ ਤਾਨਾਸ਼ਾਹੀ ਰਵੱਈਏ ਨਾਲ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ । ਉਨਾਂ ਇਸ ਘਟਨਾ ਕਰਮ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਅਤੇ ਨਾਲ ਹੀ ਮੰਗ ਵੀ ਕੀਤੀ ਹੈ ਕਿ ਪੰਜਾਬ ਸਰਕਾਰ ਇਨ੍ਹਾਂ ਅਧਿਆਪਕਾਂ ਨੂੰ ਬਿਨਾਂ ਕਿਸੇ ਸਰਤ ਤੋਂ ਸੀ ਐਸ ਰੂਲਜ ਅਨੁਸਾਰ ਪੂਰੇ ਤਨਖਾਹ ਸਕੇਲਾਂ ਤੇ ਰੈਗੂਲਰ ਕਰੇ। ਜ਼ਿਕਰਯੋਗ ਹੈ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਸੇ ਸਮੇਂ ਤੋਂ ਇਹ ਸਰਕਾਰ ਇਨਾ 8736 ਅਧਿਆਪਕਾਂ ਨੂੰ ਰੈਗੂਲਰ ਕਰਨ ਦਾ ਕਈ ਵਾਰ ਐਲਾਨ ਕਰ ਚੁੱਕੀ ਹੈ ਅਤੇ ਅਖਬਾਰਾਂ ਵਿੱਚ, ਸਰਕਾਰੀ ਬੱਸਾਂ ਉੱਤੇ ਇਸ਼ਤਿਹਾਰ ਲਗਾ ਕੇ ਅਤੇ ਪੂਰੇ ਪੰਜਾਬ ਵਿੱਚ ਵੱਡੇ ਵੱਡੇ ਫਲੈਕਸ ਲਗਾ ਕੇ ਇਨਾਂ 8736 ਅਧਿਆਪਕਾਂ ਨੂੰ ਰੈਗੂਲਰ ਕਰਨ ਦਾ ਐਲਾਨ ਕਰ ਰਹੀ ਹੈ, ਪਰ ਹੁਣ ਇਨਾ ਅਧਿਆਪਕਾਂ ਦੇ ਤਨਖਾਹ ਵਾਧੇ ਨੂੰ ਰੈਗੂਲਰ ਦਾ ਨਾਂ ਦੇ ਕੇ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ, ਅਤੇ ਪਹਿਲਾਂ ਤੇ ਹੁਣ ਵੀ ਇਸ ਨੂੰ ਆਪਣੇ ਰਾਜਨੀਤਕ ਮਨੋਰਥਾਂ ਲਈ ਵਰਤਿਆ ਜਾ ਰਿਹਾ ਹੈ। ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਗ੍ਰਿਫਤਾਰ ਕੀਤੇ ਅਧਿਆਪਕਾਂ ਨੂੰ ਸਰਕਾਰ ਤੁਰੰਤ ਛੱਡੇ , ਅਤੇ ਆਪਣੇ ਵਾਅਦੇ ਮੁਤਾਬਕ ਸਰਕਾਰ ਇਨ੍ਹਾਂ ਅਧਿਆਪਕਾਂ ਨੂੰ ਪੂਰੇ ਤਨਖਾਹ ਸਕੇਲਾਂ ਅਤੇ ਸੀ ਐਸ ਆਰ ਰੂਲਜ ਮੁਤਾਬਿਕ ਰੈਗੂਲਰ ਕਰੇ। ਡੀਟੀਐੱਫ ਦੇ ਜਿਲਾ ਸੰਗਰੂਰ ਪ੍ਰਧਾਨ ਸੁਖਵਿੰਦਰ ਗਿਰ, ਜਨਰਲ ਸਕੱਤਰ ਅਮਨ ਵਸਿਸ਼ਟ, ਪ੍ਰੈੱਸ ਸਕੱਤਰ ਕਰਮਜੀਤ ਨਦਾਮਪੁਰ ਅਤੇ ਹੋਰ ਆਗੂਆਂ ਨੇ ਕਿਹਾ ਜੇਕਰ ਸਰਕਾਰ ਇਨ੍ਹਾਂ ਜਾਇਜ ਅਧਿਆਪਕ ਮੰਗਾਂ ਨੂੰ ਨਹੀਂ ਮੰਨਦੀ ਤਾਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਅਤੇ ਪੰਜਾਬ ਦੀਆਂ ਸਮੂਹ ਅਧਿਆਪਕ ਅਤੇ ਮੁਲਾਜ਼ਮ ਜਥੇਬੰਦੀਆਂ ਸਰਕਾਰ ਖ਼ਿਲਾਫ਼ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ।