ਜਮਹੂਰੀ ਕਾਰਕੁਨ ਡਾ. ਨਵਸ਼ਰਨ ਦੀ ਸਾਜਿਸ਼ੀ ਜਾਂਚ ਬੰਦ ਕਰੇ ਈ. ਡੀ.: ਕੌਮਾਗਾਟਾਮਾਰੂ ਕਮੇਟੀ 

ਮੁੱਲਾਂਪੁਰ ਦਾਖਾ 19 ਮਈ (ਸਤਵਿੰਦਰ ਸਿੰਘ ਗਿੱਲ) : ਕੌਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਦੀ ਕਾਰਜਕਾਰੀ ਕਮੇਟੀ ਦੀ ਇਕ ਐਮਰਜੈਂਸੀ ਮੀਟਿੰਗ ਅੱਜ ਸਾਥੀ ਕੁਲਦੀਪ ਸਿੰਘ ਐਡਵੋਕੇਟ ਜੀ ਦੀ ਪ੍ਰਧਾਨਗੀ ਹੇਠ ਹੋਈ , ਜਿਸ ਵਿਚ ਪ੍ਰਸਿੱਧ ਮਰਹੂਮ ਨਾਟਕਕਾਰ ਸ੍ਰੀ ਗੁਰਸ਼ਰਨ ਸਿੰਘ ਜੀ ਦੀ ਬੇਟੀ ਅਤੇ ਲੋਕ ਪੱਖੀ ਜਮਹੂਰੀ ਕਾਰਕੁਨ ਡਾ. ਨਵਸ਼ਰਨ ਦੀ ਕੇਂਦਰੀ ਹਕੂਮਤ ਦੀ ਏਜੰਸੀ ਈ. ਡੀ. ਵੱਲੋਂ ਘੰਟਿਆ ਬੱਧੀ ਨਾਜਾਇਜ਼ ਤੇ ਸਾਜਿਸ਼ੀ ਪੁੱਛਗਿੱਛ ਦਾ ਗੰਭੀਰ ਨੋਟਿਸ ਲੈਂਦਿਆਂ, ਇਸਦੀ ਸਖ਼ਤ ਤੋਂ ਸਖ਼ਤ ਸਬਦਾਂ 'ਚ ਪੁਰਜ਼ੋਰ ਨਿਖੇਧੀ ਕੀਤੀ ਗਈ ਹੈ, ਕੌਮਾਗਾਟਾਮਾਰੂ ਯਾਦਗਾਰ ਕਮੇਟੀ ਦੀ ਮੀਟਿੰਗ 'ਚ ਵਿਚਾਰਾਂ ਪੇਸ਼ ਕਰਦਿਆ ਇਸਦੇ ਆਗੂਆਂ - ਮਾਸਟਰ ਜਸਦੇਵ ਸਿੰਘ ਲਲਤੋਂ, ਉਜਾਗਰ ਸਿੰਘ ਬੱਦੋਵਾਲ, ਹਰਦੇਵ ਸਿੰਘ ਸੁਨੇਤ, ਪ੍ਰੇਮ ਸਿੰਘ ਸ਼ਹਿਜ਼ਾਦ, ਜੋਗਿੰਦਰ ਸਿੰਘ ਸ਼ਹਿਜ਼ਾਦ, ਮਲਕੀਤ ਸਿੰਘ ਬੱਦੋਵਾਲ ਨੇ ਦੱਸਿਆ ਕਿ ਲਖੀਮਪੁਰ ਖੀਰੀ ਕਾਤਲਕਾਂਡ ਸੰਬੰਧੀ ਜਨਤਕ ਜਾਂਚ ਕਮੇਟੀ ਦੇ ਮੈਂਬਰ ਹੋਣ ਕਰਕੇ ਅਤੇ ਲਗਾਤਾਰ ਜਬਰ ਵਿਰੋਧੀ ਜਮਹੂਰੀ ਮੁਦਿਆਂ 'ਤੇ ਹੱਕੀ ਅਵਾਜ਼ ਉੱਚੀ ਕਰਨ ਬਦਲੇ ਈ. ਡੀ. ਵੱਲੋਂ ਸਾਜਿਸ਼ੀ ਜਾਂਚ ਨੂੰ ਡਾ.ਨਵਸ਼ਰਨ ਨੂੰ ਦਬਾਉਣ ਲਈ ਹਥਿਆਰ ਦੇ ਰੂਪ 'ਚ ਵਰਤਿਆ ਜਾ ਰਿਹਾ ਹੈ। ਜਿਸਦੀ ਇਨਕਲਾਬੀ ਜਮਹੂਰੀ ਜੱਥੇਬੰਦੀਆਂ ਕਦਾਚਿਤ ਆਗਿਆ ਨਹੀਂ ਦੇਣਗੀਆਂ। ਜੇਕਰ ਇਸ ਮਨਸੂਬਾਬੰਦੀ ਨੂੰ ਕੇਂਦਰ ਦੀ ਮੋਦੀ ਹਕੂਮਤ ਵੱਲੋਂ ਤੁਰੰਤ ਨਾ ਰੋਕਿਆ ਗਿਆ ਤਾਂ ਪੰਜਾਬ ਦੀਆ ਸਮੂਹ ਜਨਤਕ ਜਮਹੂਰੀ ਜੱਥੇਬੰਦੀਆਂ ਇਕ ਮੁੱਠ ਹੋ ਕੇ ਵਿਸ਼ਾਲ ਤੇ ਤਿੱਖਾ ਸੰਘਰਸ਼ ਵਿੱਢ ਦੇਣਗੀਆਂ ਜਿਸਦੀ ਜੁਮੇਵਾਰੀ ਕੇਵਲ ਕੇਂਦਰ ਸਰਕਾਰ ਸਿਰ ਹੋਵੇਗੀ।