ਜਮਹੂਰੀ ਅਧਿਕਾਰ ਸਭਾ ਇਕਾਈ ਬਠਿੰਡਾ ਵੱਲੋਂ ਪਹਿਲਵਾਨਾਂ ਦੀ ਹਮਾਇਤ ਵਿਚ ਕੈਂਡਲ ਮਾਰਚ ਦਾ ਐਲਾਨ

ਬਠਿੰਡਾ, 23 ਮਈ : ਪਹਿਲਵਾਨਾਂ ਦੇ ਜੰਤਰ ਮੰਤਰ ਦਿੱਲੀ ਵਿਖੇ ਚਲ ਰਹੇ ਸੰਘਰਸ਼ ਦੇ ਇੱਕ ਮਹੀਨਾ ਪੂਰਾ ਹੋਣ ਤੇ ਉਹਨਾਂ ਵੱਲੋ ਹਮਾਇਤ ਦੇ ਸੱਦੇ ਦਾ ਹੁੰਗਾਰਾ ਭਰਦਿਆਂ ਜਮਹੂਰੀ ਅਧਿਕਾਰ ਸਭਾ ਇਕਾਈ ਬਠਿੰਡਾ ਸਮੂਹ ਜਨਤਕ ਜਥੇਬੰਦੀਆਂ ਤੇ ਇਨਸਾਫ਼ਪਸੰਦ ਲੋਕਾਂ ਦੀ ਮਦਦ ਨਾਲ 26 ਮਈ ਦਿਨ ਸ਼ੁੱਕਰਵਾਰ ਸ਼ਾਮ 6 ਵਜੇ ਟੀਚਰਜ਼ ਹੋਮ ਬਠਿੰਡਾ ਤੋਂ ਸ਼ਹੀਦ ਭਗਤ ਸਿੰਘ ਚੌਕ ਤੱਕ ਕੈਂਡਲ ਮਾਰਚ ਕਰੇਗੀ। ਅੱਜ ਇੱਥ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਜਿਲ੍ਹਾ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ,ਸਕੱਤਰ ਸੁਦੀਪ ਸਿੰਘ ਤੇ ਪ੍ਰੈਸ ਸਕੱਤਰ ਡਾ ਅਜੀਤਪਾਲ ਸਿੰਘ  ਨੇ ਇਹ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮਸਲਾ ਕੇਵਲ ਔਰਤ ਪਹਲਿਵਾਨਾ ਦਾ ਹੀ ਨਹੀਂ ਸਗੋੱ ਸਮੁੱਚੇ ਔਰਤ ਵਰਗ ਨਾਲ ਹੋ ਰਹੀਆਂ ਵਧੀਕੀਆਂ ਨਾਲ ਵੀ ਜੁੜਿਆ ਹੋਇਆ ਹੈ। ਪਹਿਲਾਵਾਨਾ ਦੇ ਸੰਘਰਸ਼ ਨੂੰ ਮਿਲ ਰਹੀ ਹਮਾਇਤ  ਨੂੰ ਦਬਾਉਣ ਲਈ ਅਪਣਾਏ ਜਾ ਰਹੇ ਹੱਥਕੰਢਿਆਂ ਦਾ ਪਰਦਾਫਾਸ਼ ਕਰਨਾ ਹੁਣ ਵਕਤ ਦੀ ਅਣਸਰਦੀ  ਲੋੜ ਹੈ। ਉਨ੍ਹਾਂ ਦੱਸਿਆ ਕਿ ਮਹਿਲਾ ਪਹਿਲਵਾਨਾਂ ਵੱਲੋਂ ਕੁਸ਼ਤੀ ਐਸੋਸੀਏਸ਼ਨ ਦੇ ਪ੍ਰਧਾਨ ਤੇ ਬੀਜੇਪੀ ਦੇ ਮੈਂਬਰ ਪਾਰਲੀਮੈਂਟ ਬ੍ਰਿਜ ਭੂਸ਼ਣ ਸਿੰਘ ਖ਼ਿਲਾਫ਼  ਜਿਣਸੀ ਸ਼ੋਸ਼ਣ ਕਰਨ ਦੇ ਦੋਸ਼ ਲਗੇ ਹਨ ਅਤੇ ਪੋਕਸੋ ਤਹਿਤ ਪਰਚਾ ਦਰਜ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੁਸ਼ਤੀ ਫ਼ੈਡਰੇਸ਼ਨ ਦੇ ਪ੍ਰਧਾਨ ਨੂੰ ਗਿ੍ਫ਼ਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਕੇਂਦਰ ਸਰਕਾਰ ਦੀ ਸ਼ਹਿ ਕਾਰਨ ਦੋਸ਼ੀ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ ਹੈ। ਉਲਟਾ ਖਿਡਾਰੀਆਂ ਦੇ ਸੰਘਰਸ਼ ਨੂੰ ਵੱਖ ਵੱਖ ਝੂਠੇ ਬਿਰਤਾਂਤ ਸਿਰਜ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ। ਪਿਛਲੇ ਤਿੰਨ ਮਹੀਨਿਆਂ ਤਕ 7 ਲੜਕੀਆਂ ਨਾਲ ਹੋਏ ਜਿਨਸੀ ਸ਼ੋਸ਼ਣ ਦੇ ਸਬੰਧ ਵਿੱਚ ਉਹਨਾਂ ਦਾ ਦੋਸ਼ ਹੈ ਕਿ ਇੰਡੀਅਨ ਓਲੰਪਿਕ ਐਸੋਸੀਏਸ਼ਨ ਵੱਲੋਂ ਬਣਾਈ ਜਾਂਚ ਕਮੇਟੀ ਪੱਖਪਾਤ ਕਰ ਰਹੀ ਹੈ। ਸੁਪਰੀਮ ਕੋਰਟ ਦੀਆਂ ਸਖ਼ਤ ਹਦਾਇਤਾਂ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਆਗੂਆਂ ਨੇ ਦੱਸਿਆ ਕਿ ਆਪਣੇ ਬਾਹੂਬਲੀ ਕਿਰਦਾਰ ਕਾਰਨ ਪਿਛਲੇ ਬਾਰਾਂ ਸਾਲਾਂ ਤੋਂ ਕੁਸ਼ਤੀ ਫੈਡਰੇਸ਼ਨ ਤੇ ਕਾਬਜ਼ ਬ੍ਰਿਜ ਭੂਸ਼ਣ ਆਪਣੇ ਅਧਿਕਾਰਾਂ ਦੀ ਦੁਰਵਰਤੋ ਕਰਕੇ ਪਹਿਲਵਾਨਾਂ ਨਾਲ ਨਿਜੀ ਕਿੜ੍ਹ ਕੱਢ ਰਿਹਾ ਹੈ। ਅੰਦੋਲਨਕਾਰੀ ਪਹਿਲਵਾਨ ਦੀ ਇਹ ਮੰਗ ਕਿ ਕੁਸ਼ਤੀ ਸੰਘ ਦੇ ਪ੍ਰਧਾਨ ਦੀ ਬਿਨਾਂ ਦੇਰੀ ਗਿਰਫ਼ਤਾਰੀ ਹੋਵੇ ਜਿਸ ਦੀ ਜਮਹੂਰੀ ਅਧਿਕਾਰ ਸਭਾ ਹਮਾਇਤ ਕਰਦੀ ਹੈ। ਸਭਾ ਆਗੂ ਨੇ ਹਰ ਵਰਗ ਦੇ ਲੋਕਾਂ ਨੂੰ ਇਸ ਮਾਰਚ ਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦਾ ਖੁਲ੍ਹਾ ਸੱਦਾ ਦਿੱਤਾ ਹੈ।