11 ਮਹੀਨੇ ਪਹਿਲਾਂ ਕੈਨੇਡਾ ਪੜ੍ਹਾਈ ਕਰਨ ਗਈ ਨੌਜਵਾਨ ਲੜਕੀ ਦੀ ਮੌਤ

ਰਾਏਕੋਟ, 12 ਜੁਲਾਈ 2024 : ਨੇੜਲੇ ਪਿੰਡ ਲੋਹਟਬੱਦੀ ਦੀ ਇੱਕ ਨੌਜਵਾਨ ਲੜਕੀ ਦੀ ਕੈਨੇਡਾ ਦੇ ਬਰੈਂਪਟਨ ਵਿੱਚ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮ੍ਰਿਤਕ ਦੀ ਪਛਾਣ ਤਨਵੀਰ ਕੌਰ (25) ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਮ੍ਰਿਤਕ ਲੜਕੀ ਦੇ ਪਿਤਾ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਕਰੀਬ 11 ਮਹੀਨੇ ਪਹਿਲਾਂ ਪੜ੍ਹਾਈ ਕਰਨ ਲਈ ਕੈਨੇਡਾ ਦੇ ਬਰੈਂਪਟਨ ਵਿਖੇ ਗਈ, ਜੋ ਰੋਜਾਨਾ ਹੀ ਉਨ੍ਹਾਂ ਨਾਲ ਗੱਲਬਾਤ ਕਰਦੀ ਰਹਿੰਦੀ ਸੀ, ਬੀਤੀ ਰਾਤ ਜਦੋਂ ਉਨ੍ਹਾਂ ਨੇ ਆਪਣੀ ਬੇਟੀ ਤਨਵੀਰ ਕੌਰ ਦਾ ਹਾਲ ਚਾਲ ਜਾਣਨ ਲਈ ਫੋਨ ਕੀਤਾ ਤਾਂ ਫੋਨ ਉਸਦੀ ਇੱਕ ਦੋਸਤ ਨੇ ਚੁੱਕਿਆ। ਜਿਸ ਨੇ ਉਨ੍ਹਾਂ ਨੂੰ ਇਹ ਜਾਣਕਾਰੀ ਦਿੱਤੀ ਕਿ ਤਨਵੀਰ ਕੌਰ ਬਾਸ਼ਰੂਮ ਵਿੱਚ ਗਈ ਤਾਂ ਉਸਨੇ ਉੱਚੀ ਅਵਾਜ਼ ਵਿੱਚ ਚੀਖਦੇ ਹੋਏ ਆਪਣੀ ਦੋਸਤ ਨੂੰ ਬੁਲਾਇਆ, ਜਦੋਂ ਉਸਦੀ ਦੋਸਤ ਨੇ ਬਾਥਰੂਮ ਵਿੱਚ ਜਾ ਕੇ ਦੇਖਿਆ ਤਾਂ ਉਸਦੀ ਧੀ ਤਨਵੀਰ ਕੌਰ ਬੇਹੋਸ਼ੀ ਦੀ ਹਾਲਤ ਵਿੱਚ ਸੀ। ਰਣਜੀਤ ਸਿੰਘ ਨੇ ਦੱਸਿਆ ਕਿ ਉਸਦੀ ਧੀ ਦੀ ਦੋਸਤ ਨੇ ਐਬੂਲੈਂਸ ਨੂੰ ਫੋਨ ਕੀਤਾ ਤੇ ਇਲਾਜ ਲਈ ਤਨਵੀਰ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਤਾਂ ਉਸਨੇ ਰਸਤੇ ਵਿੱਚ ਦਮਤੋੜ ਦਿੱਤਾ। ਮ੍ਰਿਤਕਾ ਦੇ ਪਿਤਾ ਰਣਜੀਤ ਸਿੰਘ ਨੇ ਦੱਸਿਆ ਕਿ ਉਸਨੇ ਆਪਣੀ ਧੀ ਨੂੰ ਕੈਨੇਡਾ ਪੜ੍ਹਨ ਭੇਜਣ ਲਈ 26 ਲੱਖ ਰੁਪਏ ਖਰਚ ਕੀਤੇ ਸਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਧੀ ਤਨਵੀਰ ਕੌਰ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਵਿੱਚ ਮੱਦਦ ਕੀਤੀ ਜਾਵੇ ਤਾਂ ਜੋ ਉਸਦੀਆਂ ਅੰਤਿਮ ਰਸ਼ਮਾਂ ਕੀਤੀਆ ਜਾ ਸਕਣ।