ਡੀ.ਸੀ. ਫਰੀਦਕੋਟ ਨੇ ਸਵੱਛ ਭਾਰਤ ਮਿਸ਼ਨ ਅਤੇ ਹੋਰ ਵਿਕਾਸ ਕੰਮਾਂ ਦਾ ਲਿਆ ਜਾਇਜਾ

  • ਘਰਾਂ ਵਿੱਚ ਪਖਾਨਾ ਬਣਾਉਣ ਲਈ ਮਿਲੇ ਪੈਸਿਆਂ ਨੂੰ ਤੁਰੰਤ ਇਸਤੇਮਾਲ ਕਰਨ ਦੇ ਜਾਰੀ ਕੀਤੇ ਹੁਕਮ

ਫਰੀਦਕੋਟ 21 ਜੂਨ : ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਅੱਜ ਜਲ ਸਪਲਾਈ ਤੇ ਸੈਨੀਟੇਸ਼ਨ ਮੰਡਲ ਦੇ ਅਧੀਨ ਕਰਵਾਏ ਜਾ ਰਹੇ ਵੱਖ ਵੱਖ ਵਿਕਾਸ ਦੇ ਕੰਮਾਂ ਦਾ ਜਾਇਜਾ ਲੈਂਦਿਆਂ ਕਿਹਾ ਕਿ ਜੋ ਕੰਮ ਸ਼ੁਰੂ ਕੀਤੇ ਗਏ ਹਨ, ਉਨ੍ਹਾਂ ਨੂੰ ਜਲਦੀ ਨਿਪਟਾਇਆ ਜਾਵੇ ਅਤੇ ਚੱਲ ਰਹੇ ਕੰਮਾਂ ਨੂੰ ਮਿੱਥੇ ਟੀਚੇ ਅਨੁਸਾਰ ਮੁਕਮੰਲ ਕਰ ਲਿਆ ਜਾਵੇ। ਇਸ ਮੌਕੇ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਸ. ਸੁਖਜੀਤ ਸਿੰਘ ਢਿੱਲਵਾਂ ਅਤੇ ਵਧੀਕ ਡਿਪਟੀ ਕਮਿਸ਼ਨਰ ਸ. ਲਖਵਿੰਦਰ ਸਿੰਘ ਰੰਧਾਵਾ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਜਿਲ੍ਹਾ ਜਲ ਤੇ ਸੈਨੀਟੇਸ਼ਨ ਮੰਡਲ ਦੇ ਨੁਮਾਇੰਦਿਆ ਨੇ ਦੱਸਿਆ ਕਿ ਫਰੀਦਕੋਟ ਜਿਲ੍ਹੇ ਵਿੱਚ ਫੇਜ-1 ਤਹਿਤ 14,849 ਪਖਾਨੇ ਬਣ ਚੁੱਕੇ ਹਨ ਅਤੇ ਫੇਜ-2 ਦੇ ਤਹਿਤ ਕੁੱਲ ਮਨਜੂਰ ਹੋਏ 5,936 ਪਖਾਨਿਆਂ ਵਿੱਚੋਂ 3,448 ਪਖਾਨੇ ਮੁਕੰਮਲ ਹੋ ਚੁੱਕੇ ਹਨ ਅਤੇ ਇਨ੍ਹਾਂ ਵਿੱਚੋਂ 936 ਪਖਾਨਿਆਂ ਦੀ ਉਸਾਰੀ ਦਾ ਕੰਮ ਪ੍ਰਗਤੀ ਅਧੀਨ ਹੈ। ਇਸੇ ਤਰ੍ਹਾਂ ਉਨ੍ਹਾਂ ਦੱਸਿਆ ਕਿ ਜਿਲ੍ਹੇ ਵਿੱਚ 167 ਕਮਿਊਨਿਟੀ ਸੈਨੇਟਰੀ ਕੰਪਲੈਕ (ਸੀ.ਐਸ.ਸੀ) ਬਣਾਉਣ ਦਾ ਟੀਚਾ ਮਿਥਿਆ ਗਿਆ ਹੈ, ਜਿਸ ਵਿੱਚੋਂ 87 ਪਿੰਡਾਂ ਦੇ ਲਈ 2.10 ਲੱਖ ਰੁਪਏ ਪ੍ਰਤੀ ਸੀ.ਐਸ.ਸੀ ਦੇ ਫੰਡ ਪ੍ਰਾਪਤ ਹੋ ਚੁੱਕੇ ਹਨ ਅਤੇ ਇੰਨਾ ਵਿੱਚੋਂ  32 ਸੀ.ਐਸ.ਸੀ ਮੁਕੰਮਲ ਹੋ ਚੁੱਕੇ ਹਨ ਅਤੇ 9 ਦਾ ਕੰਮ ਪ੍ਰਗਤੀ ਅਧੀਨ ਹੈ। ਮੀਟਿੰਗ ਦੌਰਾਨ ਜਦੋਂ ਜਿਲ੍ਹਾ ਜਲ ਸਪਲਾਈ ਤੇ ਸੈਨੀਟੇਸ਼ਨ ਦੇ ਨੁਮਾਇੰਦਿਆ ਨੇ ਦੱਸਿਆ ਕਿ ਇਨ੍ਹਾਂ ਪਿੰਡਾਂ ਵਿੱਚ 40 ਅਜਿਹੇ ਪਿੰਡ ਹਨ ਜਿੰਨਾ ਵੱਲੋਂ 15ਵੇਂ ਵਿੱਤ ਕਮਿਸ਼ਨ ਦੀ ਟਾਈਡ ਗ੍ਰਾਂਟ ਵਿੱਚੋਂ ਆਪਣੇ ਸ਼ੇਅਰ (90 ਹਜ਼ਾਰ ਰੁਪਏ) ਜਮ੍ਹਾਂ ਨਹੀਂ ਕਰਵਾਏ ਗਏ ਹਨ, ਜਿਸ ਕਾਰਨ ਪ੍ਰੋਜੈਕਟ ਸ਼ੁਰੂ ਕਰਨ ਵਿੱਚ ਦੇਰੀ ਹੋ ਰਹੀ ਹੈ। ਇਸ ਸਮੱਸਿਆਂ ਦੇ ਤੁਰੰਤ ਹੱਲ ਲਈ ਡਿਪਟੀ ਕਮਿਸ਼ਨਰ ਨੇ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਮੀਟਿੰਗ ਦੌਰਾਨ ਸੋਲਿਡ ਵੇਸਟ ਮੈਨੇਜਮੈਂਟ ਸਬੰਧੀ ਗੱਲ ਕਰਦਿਆਂ ਵਿਭਾਗ ਦੇ ਐਕਸੀਅਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਜਿਲ੍ਹੇ ਦੇ 33 ਪਿੰਡਾਂ (ਫਰੀਦਕੋਟ-4, ਕੋਟਕਪੂਰਾ-11 ਅਤੇ ਜੈਤੋ ਬਲਾਕ 18) ਵਿੱਚ ਸੋਲਿਡ ਵੇਸਟ ਮੈਨੇਜਮੈਂਟ ਦਾ ਕੰਮ ਕਰਵਾਉਣ ਲਈ 30.76 ਲੱਖ ਰੁਪਏ ਦੇ ਫੰਡ ਕੰਮ ਕਰਵਾਉਣ ਲਈ ਉਪਲਬਧ ਹਨ। ਇਨ੍ਹਾਂ ਵਿੱਚ 1 ਪਿੰਡ ਔਲਖ ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ 25 ਪਿੰਡਾਂ ਵਿੱਚ ਕੰਮ ਪ੍ਰਗਤੀ ਅਧੀਨ ਹੈ। ਉਨ੍ਹਾਂ ਦੱਸਿਆ ਕਿ ਸੋਲੇਡ ਵੇਸਟ ਮੈਨੇਜਮੈਂਟ ਦਾ ਪ੍ਰਾਪਤ ਹੋਏ ਫੰਡ ਪਿੰਡ ਦੀ ਸੈਨੀਟੇਸ਼ਨ ਕਮੇਟੀ ਦੇ ਖਾਤਿਆਂ ਵਿੱਚ ਵੀ ਟਰਾਂਸਫਰ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਲਿਕਿਊਅਡ ਵੇਸਟ ਮੈਨੇਜਮੈਂਟ ਪ੍ਰੋਜੈਕਟਾਂ ਸਬੰਧੀ ਗੱਲ ਕਰਦਿਆਂ ਵਿਭਾਗ ਦੇ ਨੁਮਾਇੰਦਿਆ ਨੇ ਦੱਸਿਆ ਕਿ ਇਸ ਪ੍ਰੋਜੈਕਟ ਲਈ 35 ਪਿੰਡਾਂ ਲਈ ਤਕਰੀਬਨ 5 ਕਰੋੜ 28 ਲੱਖ ਰੁਪਏ ਦੇ ਫੰਡ ਪ੍ਰਾਪਤ ਹੋਏ ਹਨ। ਉਨ੍ਹਾਂ ਦੱਸਿਆ ਕਿ ਇਹ ਕੰਮ ਪੰਚਾਇਤੀ ਰਾਜ ਵਿਭਾਗ ਵੱਲੋਂ ਕਰਵਾਇਆ ਜਾ ਰਿਹਾ ਹੈ ਅਤੇ 35 ਪਿੰਡਾਂ ਵਿੱਚੋਂ 10 ਪਿੰਡਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ, ਜਦਕਿ 4 ਪਿੰਡਾਂ ਵਿੱਚ ਹਾਲੇ ਮੁੱਢਲੇ ਟਰੀਟਮੈਂਟ ਯੂਨਿਟ ਬਣਨ ਵਾਲੇ ਰਹਿੰਦੇ ਹਨ। ਜਿਲ੍ਹੇ ਨੂੰ ਖੁੱਲ੍ਹੇ ਚੋਂ ਸੋਚ ਮੁਕਤ ਕਰਨ ਦੇ ਮੰਤਵ ਨਾਲ 243 ਪਿੰਡਾਂ ਨੂੰ ਓ.ਡੀ.ਐਫ ਪਲੱਸ ਕੀਤਾ ਜਾਣਾ ਹੈ। ਇਸ ਸਬੰਧੀ ਉਨ੍ਹਾਂ ਦੱਸਿਆ ਕਿ 2023-24 ਲਈ 127 ਪਿੰਡਾਂ ਨੂੰ ਓ.ਡੀ.ਐਫ ਪਲੱਸ ਕਰਨ ਦਾ ਟੀਚਾ ਮਿੱਥਿਆ ਗਿਆ ਹੈ, ਜਿੰਨਾ ਵਿੱਚੋਂ 25 ਪ੍ਰਤੀਸ਼ਤ ਓ.ਡੀ.ਐਫ ਹੋ ਚੁੱਕੇ ਹਨ ਅਤੇ 16ਪਿੰਡ ਰਹਿੰਦੇ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਾਰੇ ਕੰਮ ਜਲਦੀ ਤੋਂ ਜਲਦੀ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਅਗਲੇ ਮਹੀਨੇ 10 ਤਰੀਕ ਨੂੰ ਦੁਬਾਰਾ ਮੀਟਿੰਗ ਹੋਵੇਗੀ ਅਤੇ 31 ਅਗਸਤ 2023 ਤੱਕ ਸਾਰੇ ਕੰਮਾਂ ਨੂੰ ਮੁਕੰਮਲ ਕਰ ਲਿਆ ਜਾਵੇ।