ਡੀ.ਸੀ ਫਰੀਦਕੋਟ ਵੱਲੋਂ 1 ਅਕਤੂਬਰ ਨੂੰ ਸਵੱਛਤਾ ਪਖਵਾੜਾ ਮਨਾਉਣ ਦੇ ਹੁਕਮ ਜਾਰੀ

  • ਪਹਿਲੀ ਅਕਤੂਬਰ ਨੂੰ 1 ਘੰਟਾ, ਇੱਕਠਿਆਂ 10 ਵਜੇ ਸ਼੍ਰਮਦਾਨ ਕਰਨ ਦੀ ਅਪੀਲ

ਫਰੀਦਕੋਟ 27 ਸਤੰਬਰ : ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਅੱਜ 1 ਅਕਤੂਬਰ ਨੂੰ ਸਵੱਛਤਾ ਪਖਵਾੜਾ ਮਨਾਉਣ ਦੇ ਹੁਕਮ ਜਾਰੀ ਕਰਦਿਆਂ ਸਮੂਹ ਨਗਰ ਕੌਂਸਲ, ਜਿਲ੍ਹਾ ਪ੍ਰੀਸ਼ਦ, ਵਿਦਿਅਕ ਸੰਸਥਵਾਂ ਅਤੇ ਏ.ਡੀ.ਸੀ. (ਡੀ) ਰਾਹੀਂ ਪੰਚਾਇਤਾਂ ਨੂੰ ਮਹਾਤਮਾ ਗਾਂਧੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਸ ਪਖਵਾੜੇ ਦੌਰਾਨ ਸਫਾਈ ਦੇ ਪ੍ਰਬੰਧ ਕਰਨ ਸਬੰਧੀ ਤਿਆਰੀਆਂ ਵਿੱਢਣ ਲਈ ਆਖਿਆ।  ਭਾਰਤ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ 1 ਘੰਟਾ ਇੱਕਠਿਆਂ ਸਵੇਰ 10 ਵਜੇ ਸ਼੍ਰਮਦਾਨ ਕਰਨ ਦੀ  ਤਾਕੀਦ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਦੌਰਾਨ ਸਮੂਹ ਦਫਤਰਾਂ ਵਿੱਚ ਸਫਾਈ ਦੇ ਪ੍ਰਬੰਧ ਮੁਕੰਮਲ ਕਰ ਲਏ ਜਾਣ ਅਤੇ ਇਸ ਸਬੰਧੀ ਲਿਖਤੀ ਕਾਰਗੁਜ਼ਾਰੀ ਰਿਪੋਰਟ, ਵੀਡੀਓ/ਫੋਟੋਆਂ ਰਾਹੀਂ ਪੇਸ਼ ਕੀਤੀਆਂ ਜਾਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਵੱਛਤਾ ਪਖਵਾੜੇ ਤਹਿਤ ਸ਼ਹਿਰਾਂ, ਪਿੰਡਾਂ, ਕਸਬਿਆਂ ਅਤੇ ਹਰ ਉਹ ਥਾਂ ਜਿੱਥੇ ਸਫਾਈ ਦੀ ਜ਼ਰੂਰਤ ਹੈ , ਉੱਥੇ ਸਫਾਈ ਅਭਿਆਨ ਤਹਿਤ ਸਫਾਈ ਕੀਤੀ ਜਾਵੇਗੀ। ਉਨ੍ਹਾਂ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼੍ਰਮਦਾਨ ਵਿੱਚ ਆਪਣਾ ਯੋਗਦਾਨ ਦੇ ਕੇ ਮਹਾਤਮਾ ਗਾਂਧੀ ਦੀ ਜਨਮ ਸ਼ਤਾਬਦੀ ਤੇ ਸ਼ਰਧਾ ਦੇ ਫੁੱਲ ਭੇਂਟ ਕਰਨ। ਉਨ੍ਹਾਂ ਪਿੰਡਾਂ ਦੀ ਪੰਚਾਇਤਾਂ ਨੂੰ ਸਫਾਈ ਮੁਹਿੰਮ ਲਈ ਜਗ੍ਹਾਵਾਂ ਦੀ ਚੋਣ ਕਰ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਸ਼ਹਿਰਾਂ ਵਿੱਚ ਘੱਟੋਂ ਘੱਟ 2 ਜਗ੍ਹਾਵਾਂ ਤੇ ਅਤੇ ਪਿੰਡਾਂ ਵਿੱਚ 1 ਜਗ੍ਹਾਂ ਤੇ ਜਿੱਥੇ ਸਫਾਈ ਦੀ ਜਰੂਰਤ ਹੈ, ਉਨ੍ਹਾਂ ਥਾਵਾਂ ਤੇ ਸਫਾਈ ਅਭਿਆਨ ਚਲਾਇਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿੱਥੇ ਕਿਤੇ ਆਬਾਦੀ ਜਿਆਦਾ ਹੈ,ਉੱਥੇ ਸਫਾਈ ਅਭਿਆਨ 2 ਤੋਂ ਵੱਧ ਥਾਵਾਂ ਤੇ ਵੀ ਚਲਾਇਆ ਜਾ ਸਕਦਾ ਹੈ ਅਤੇ ਜਿੱਥੇ ਕਿਤੇ ਆਬਾਦੀ ਘੱਟ ਹੈ ਉੱਥੇ 2 ਥਾਵਾਂ ਨੂੰ ਮਿਲਾ ਕੇ ਵੀ ਪ੍ਰੋਗਰਾਮ ਉਲੀਕਿਆ ਜਾ ਸਕਦਾ ਹੈ । ਉਨ੍ਹਾਂ ਕਿਹਾ ਕਿ ਸਵੱਛਤਾ ਪਖਵਾੜੇ ਤਹਿਤ ਪਿੰਡਾਂ ਦੀਆਂ ਸਾਂਝੀਆਂ ਥਾਵਾਂ, ਗਲੀਆਂ, ਸੜਕਾਂ ਦੀ ਕਿਨਾਰਿਆਂ, ਜਿੱਥੇ ਕਿੱਤੇ ਕੂੜਾ ਇਕੱਠਾ ਹੁੰਦਾ ਹੈ ਆਦਿ ਥਾਵਾਂ ਦੀ ਚੋਣ ਕਰਕੇ ਸਫਾਈ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਸਮੂਹ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਣ ਤਾਂ ਜੋ ਵਾਤਾਵਰਨ ਵੀ ਸ਼ੁੱਧ ਹੋ ਸਕੇ।