ਨਸ਼ਿਆਂ ਵਿਰੁੱਧ ਵਿੱਢੀ ਜੰਗ ਜਿੱਤਣ ਲਈ ਡੀ.ਸੀ ਅਤੇ ਐਸ.ਐਸ.ਪੀ ਨੇ ਆਸ਼ਾ ਵਰਕਰਾਂ ਨੂੰ ਸਰਗਰਮ ਭੂਮਿਕਾ ਨਿਭਾਉਣ ਦੀ ਕੀਤੀ ਅਪੀਲ

  • ਸਲਾਇਟ ਲੌਂਗੋਵਾਲ ਵਿਖੇ ਕਰਵਾਏ ਜਾਗਰੂਕਤਾ ਸਮਾਗਮ ਦੌਰਾਨ ਨਸ਼ਿਆਂ ਦੀ ਦੁਰਵਰਤੋਂ ਅਤੇ ਪਰਾਲੀ ਸਾੜਨ ਵਿਰੁੱਧ ਡੱਟ ਕੇ ਖੜ੍ਹਨ ਦੀ ਵੀ ਚੁਕਵਾਈ ਗਈ ਸਹੁੰ
  • ਗਲਤ ਸੰਗਤ ਕਾਰਨ ਨਸ਼ਿਆਂ ਦੇ ਆਦੀ ਨੂੰ ਇੱਕ ਬਿਮਾਰ ਵਿਅਕਤੀ ਵਜੋਂ ਵੇਖਣਾ ਚਾਹੀਦਾ ਹੈ ਤੇ ਸਹੀ ਇਲਾਜ ਤੋਂ ਬਾਅਦ ਉੁਹ ਵੀ ਮੁੜ ਸਮਾਜ ਦੀ ਮੁੱਖ ਧਾਰਾ ‘ਚ ਸ਼ਾਮਲ ਹੋ ਸਕਦਾ ਹੈ: ਡਿਪਟੀ ਕਮਿਸ਼ਨਰ
  • ਨਸ਼ਿਆਂ ਦੇ ਆਦੀ ਵਿਅਕਤੀਆਂ ਨੂੰ ਸਹੀ ਇਲਾਜ ਲਈ ਪ੍ਰਰਿਤ ਕਰਨ ਦਾ ਕੰਮ ਆਸ਼ਾ ਵਰਕਰ ਬਾਖੂਬੀ ਕਰ ਸਕਦੇ ਹਨ: ਐਸ.ਐਸ.ਪੀ

ਲੌਂਗੋਵਾਲ/ਸੰਗਰੂਰ, 23 ਸਤੰਬਰ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਦਿਨ-ਰਾਤ ਇੱਕ ਕਰਕੇ ਕੰਮ ਕੀਤਾ ਜਾ ਰਿਹਾ ਹੈ। ਇਨ੍ਹਾਂ ਗਤੀਵਿਧੀਆਂ ਤਹਿਤ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਅਤੇ ਐਸਐਸਪੀ ਸੁਰੇਂਦਰ ਲਾਂਬਾ ਦੀ ਅਗਵਾਈ ‘ਚ ਅੱਜ ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਤੇ ਤਕਨਾਲੋਜੀ (ਸਲਾਇਟ) ਲੌਂਗੋਵਾਲ ਦੇ ਆਡੀਟੋਰੀਅਮ ਹਾਲ ਵਿੱਚ ਸਿਹਤ ਵਿਭਾਗ ‘ਚ ਕੰਮ ਕਰ ਰਹੀਆਂ ਆਸ਼ਾ ਵਰਕਰਾਂ ਨੂੰ ਨਸ਼ਾਖੋਰੀ ਵਿਰੁੱਧ ਵਿੱਢੀ ਮੁਹਿੰਮ ਦਾ ਸਰਗਰਮ ਹਿੱਸਾ ਬਣਾਉਣ ਲਈ ਜਾਗਰੂਕਤਾ ਸਮਾਗਮ ਕਰਵਾਇਆ ਗਿਆ।  ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਕਿਹਾ ਕਿ ਆਸ਼ਾ ਵਰਕਰਾਂ ਦਾ ਪਿੰਡਾਂ ਦੇ ਲੋਕਾਂ ਨਾਲ ਬਹੁਤ ਚੰਗੇ ਪੱਧਰ ਦਾ ਰਾਬਤਾ ਹੈ ਜਿਸਨੂੰ ਨਸ਼ਿਆਂ ਦੀ ਅਲਾਮਤ ਨੂੰ ਮੁੱਢੋਂ ਖਤਮ ਕਰਨ ਲਈ ਇੱਕ ਵੱਡੇ ਹਥਿਆਰ ਵਜੋਂ ਵਰਤਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਗਲਤ ਸੰਗਤ ਵਿੱਚ ਪੈ ਕੇ ਨਸ਼ਿਆਂ ਦੇ ਆਦੀ ਵਿਅਕਤੀਆਂ ਨੂੰ ਇੱਕ ਬਿਮਾਰ ਵਿਅਕਤੀ ਵਜੋਂ ਵੇਖਣਾ ਚਾਹੀਦਾ ਹੈ ਅਤੇ ਸਹੀ ਇਲਾਜ ਤੋਂ ਬਾਅਦ ਉਹ ਨਸ਼ਿਆਂ ਦੀ ਵਰਤੋਂ ਨੂੰ ਬਿਲਕੁਲ ਬੰਦ ਕਰਕੇ ਮੁੜ ਸਮਾਜ ਦੀ ਮੁੱਖ ਧਾਰਾ ਵਿੱਚ ਮੁੜ ਸ਼ਾਮਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਲਈ ਪੰਜਾਬ ਸਰਕਾਰ ਵੱਲੋਂ ‘ਓਟ’ ਕੇਂਦਰਾਂ ਤੇ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰਾਂ ਵਿੱਚ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਲੋੜ ਸਿਰਫ ਇਨ੍ਹਾਂ ਬਿਮਾਰ ਵਿਅਕਤੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਜਾਗਰੂਕ ਕਰਨ ਦੀ ਹੈ। ਉਨ੍ਹਾਂ ਕਿਹਾ ਕਿ ਇਸ ਜਾਗਰੂਕਤਾ ਲਈ ਆਸ਼ਾ ਵਰਕਰ ਘਰ-ਘਰ ਜਾ ਕੇ ਨਸ਼ਿਆਂ ਦੀ ਵਰਤੋਂ ਕਰਨ ਵਾਲੇ ਵਿਅਕਤੀਆਂ ਦੇ ਲੱਛਣ ਅਤੇ ਇਸਦੇ ਸਹੀ ਇਲਾਜ ਲਈ ਲੋਕਾਂ ਨੂੰ ਸਿੱਖਿਅਤ ਕਰਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿੰਨੀ ਜਲਦੀ ਨਸ਼ਿਆਂ ਦੀ ਵਰਤੋਂ ਕਰਨ ਵਾਲੇ ਵਿਅਕਤੀ ਨੂੰ ਸਹੀ ਇਲਾਜ ਮੁਹੱਈਆ ਕਰਵਾਇਆ ਜਾਵੇਗਾ ਉਨੀ ਜਲਦੀ ਹੀ ਉਨ੍ਹਾਂ ਬਿਮਾਰ ਵਿਅਕਤੀਆਂ ਨੂੰ ਇਸ ਭੈੜੀ ਦਲਦਲ ਵਿੱਚੋਂ ਬਾਹਰ ਕੱਢਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਘਾਬਦਾਂ ਸਥਿਤ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰ ‘ਚ ਦਾਖਲ ਮਰੀਜ਼ਾਂ ਨੇ ਉਨ੍ਹਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ, ਪ੍ਰਾਇਵੇਟ ਸੈਂਟਰਾਂ ਤੋਂ ਕਈ ਗੁਣਾ ਵਧੀਆ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਇਹ ਜੰਗ ਫੈਸਲਾਕੁੰਨ ਤਰੀਕੇ ਨਾਲ ਲੜੀ ਜਾ ਰਹੀ ਹੈ ਤੇ ਇਸਨੂੰ ਜਿੱਤਣ ਲਈ ਸਮਾਜ ਦੇ ਹਰ ਵਰਗ ਦੇ ਸਹਿਯੋਗ ਦੀ ਲੋੜ ਹੈ। ਐਸ.ਐਸ.ਪੀ. ਸੁਰੇਂਦਰ ਲਾਂਬਾ ਨੇ ਆਸ਼ਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਿਆਂ ਦੇ ਆਦੀ ਵਿਅਕਤੀ ਨੂੰ ਇਸ ਦਲਦਲ ਵਿੱਚੋਂ ਕੱਢਣ ਲਈ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੇ ਨਾਲ-ਨਾਲ ਸਮੂਹ ਆਸ਼ਾ ਵਰਕਰ ਵੀ ਘਰ-ਘਰ ਜਾ ਕੇ ਲੋਕਾਂ ਖ਼ਾਸ ਕਰ ਨਸ਼ਿਆਂ ਦੇ ਆਦੀ ਪਰਿਵਾਰਕ ਮੈਂਬਰਾਂ ਨੂੰ ਇਸਦੇ ਇਲਾਜ ਬਾਰੇ ਜਾਗਰੂਕ ਕਰਨ। ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਵੱਲੋਂ ਨਸ਼ਾ ਤਸਕਰੀ ਤੇ ਇਸਦੀ ਵਿਕਰੀ ਪੂਰੀ ਸਖ਼ਤੀ ਨਾਲ ਰੋਕੀ ਜਾ ਰਹੀ ਹੈ ਅਤੇ ਹੁਣ ਨਸ਼ਿਆਂ ਦੇ ਆਦੀ ਵਿਅਕਤੀਆਂ ਨੂੰ ਇਸਦੇ ਸਹੀ ਇਲਾਜ ਲਈ ਸਿਹਤ ਸੰਸਥਾਵਾਂ ਤੱਕ ਲੈ ਕੇ ਜਾਣਾ ਬਹੁਤ ਜ਼ਰੂਰੀ ਹੋ ਗਿਆ ਹੈ ਜੋ ਕਿ ਆਸ਼ਾ ਵਰਕਰ ਬਾਖੂਬੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਨਸ਼ਿਆਂ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਮਦਦ ਜਾ ਕਾਰਵਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਲਈ ਇੱਕ ਐਂਟੀ ਡਰੱਗ ਹੈਲਪਲਾਈਨ ਨੰਬਰ 8054-112-112 ਜਾਰੀ ਕੀਤਾ ਗਿਆ ਹੈ ਜਿੱਥੇ ਸੰਪਰਕ ਕਰਨ ਵਾਲੇ ਹਰ ਵਿਅਕਤੀ ਦਾ ਨਾਂ-ਪਤਾ ਗੁਪਤ ਰੱਖਿਆ ਜਾਵੇਗਾ ਤੇ ਹਰ ਕਾਲ ‘ਤੇ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਉਣੀ ਯਕੀਨੀ ਬਣਾਈ ਜਾਵੇਗੀ। ਇਸ ਜਾਗਰੂਕਤਾ ਸਮਾਗਮ ਦੌਰਾਨ ਨਸ਼ਿਆਂ ਦੀ ਦੁਰਵਰਤੋਂ ਅਤੇ ਪਰਾਲੀ ਸਾੜਨ ਵਿਰੁੱਧ ਡੱਟ ਕੇ ਖੜ੍ਹਨ ਦੀ ਸਹੁੰ ਵੀ ਚੁਕਵਾਈ ਗਈ ਅਤੇ ਮਾਹਿਰ ਡਾਕਟਰਾਂ ਤੇ ਸਮਾਜ ਸੇਵੀਆਂ ਵੱਲੋਂ ਨਸ਼ਿਆਂ ਵਿਰੁੱਧ ਕੀਤੀਆਂ ਜਾ ਸਕਣ ਵਾਲੀਆਂ ਸਮਾਜ ਸੁਧਾਰਕ ਗਤੀਵਿਧੀਆਂ ਬਾਰੇ ਜਾਗਰੂਕ ਕੀਤਾ।
ਇਸ ਮੌਕੇ ਸਹਾਇਕ ਕਮਿਸ਼ਨਰ ਜਸਪਿੰਦਰ ਸਿੰਘ, ਐਸ.ਡੀ.ਐਮ. ਸੰਗਰੂਰ ਨਵਰੀਤ ਕੌਰ ਸੇਖੋਂ, ਐਸ.ਡੀ.ਐਮ. ਭਵਾਨੀਗੜ੍ਹ ਵਿਨੀਤ ਕੁਮਾਰ, ਸਹਾਇਕ ਕਮਿਸ਼ਨਰ ਰਿਚਾ ਗੋਇਲ, ਡਾਇਰੈਕਟਰ ਸਲਾਇਟ ਪ੍ਰੋਫੈਸਰ ਮਨੀਕਾਂਤ ਪਾਸਵਾਨ, ਐਸ.ਪੀ. ਪਲਵਿੰਦਰ ਚੀਮਾ, ਐਸ.ਪੀ. ਰਾਕੇਸ਼ ਕੁਮਾਰ, ਐਸ.ਪੀ. ਯੋਗੇਸ਼ ਸ਼ਰਮਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਵਿਕਾਸ ਧੀਰ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਇੰਦਰਜੀਤ ਸਿੰਗਲਾ ਤੇ ਵੱਡੀ ਗਿਣਤੀ ‘ਚ ਆਸ਼ਾ ਵਰਕਰ ਤੇ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।