ਕਣਕ ਦਾ ਗੁਲਾਬੀ ਸੁੰਡੀ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ

ਫ਼ਰੀਦਕੋਟ 28 ਦਸੰਬਰ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਉੱਦਮਾਂ ਸਦਕਾ ਇਸ ਵਾਰ ਬਹੁਗਿਣਤੀ ਕਿਸਾਨਾਂ ਨੇ ਪਰਾਲੀ ਨੂੰ ਅੱਗ ਨਾ ਲਗਾ ਕੇ ਕਣਕ ਦੀ ਬਿਜਾਈ ਕੀਤੀ ਪਰ ਕੁਝ ਖੇਤਾਂ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਹੋਣ ਕਾਰਨ ਕਿਸਾਨ ਯੂਨੀਅਨ ਦੇ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ, ਗੁਰਮੀਤ ਸਿੰਘ ਤੇ ਕੁਝ ਕਿਸਾਨਾਂ ਵੱਲੋਂ  ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਨੂੰ ਦਰਖ਼ਾਸਤ ਦਿੱਤੀ ਗਈ। ਇਸੇ ਸਬੰਧ ਵਿੱਚ ਕਾਰਵਾਈ ਕਰਦਿਆਂ ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਨੇ ਵਿਸ਼ੇਸ਼ ਟੀਮ ਦਾ ਗਠਨ ਕੀਤਾ ਜਿਸ ਵਿਚ ਵਿਭਾਗ ਦੇ ਅਧਿਕਾਰੀ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਾਇੰਸਦਾਨ ਸ਼ਾਮਲ ਹਨ। ਟੀਮ ਦੇ ਇੰਚਾਰਜ ਏ. ਡੀ. ਓ ਡਾ. ਯਾਦਵਿੰਦਰ ਸਿੰਘ, ਮੈਂਬਰ ਏ. ਡੀ. ਓ  ਡਾ. ਅਸ਼ਵਨੀ ਕੁਮਾਰ, ਕੇ. ਵੀ. ਕੇ. ਤੋਂ ਡਾ. ਪਵਿੱਤਰ ਸਿੰਘ ਅਤੇ ਡਾ. ਫਤਹਿ ਸਿੰਘ ਨਾਲ ਡਾ. ਗਿੱਲ ਨੇ ਕਿਸਾਨਾਂ ਨੂੰ ਨਾਲ ਲੈ ਕੇ ਪਿੰਡ ਗੋਲੇਵਾਲਾ ਦੇ ਵੱਖ ਵੱਖ ਖੇਤਾਂ ਦਾ ਦੌਰਾ ਕੀਤਾ। ਡਾ. ਗਿੱਲ ਨੇ ਦੱਸਿਆ ਕਿ ਪਿਛਲੇ ਸਾਲ ਨਾਲੋਂ ਇਸ ਵਾਰ ਗੁਲਾਬੀ ਸੁੰਡੀ ਦਾ ਹਮਲਾ ਠੰਡ ਦੇਰੀ ਨਾਲ ਪੈਣ ਕਾਰਨ ਵੱਧ ਦੇਖਣ ਨੂੰ ਮਿਲਿਆ ਹੈ ਅਤੇ ਹੁਣ ਠੰਡ ਵਧਣ ਕਾਰਨ ਸੁੰਡੀ ਖੇਤ ਵਿੱਚ ਨਿਸ਼ਕਿਰਿਆ ਅਵਸਥਾ ਵਿੱਚ ਹੈ ਅਤੇ ਨੁਕਸਾਨ ਨਹੀਂ ਕਰੇਗੀ। ਉਹਨਾਂ ਦੱਸਿਆ ਕਿ ਸੁੰਡੀ ਨੂੰ ਮਾਰਨ ਦੀ ਸਪਰੇਅ ਕਰਨ ਨਾਲੋਂ ਕਿਸਾਨ ਹੋਰ ਗੱਲਾਂ ਵੱਲ ਧਿਆਨ ਦੇਣ ਜਿਵੇਂ ਕਿ ਦਿਨ ਵੇਲੇ ਪਾਣੀ ਲਗਾਉਣਾ, ਫਸਲ ਵਿੱਚ ਸੂਖਮ ਤੱਤਾਂ ਜਿਵੇਂ ਕਿ ਮੈਂਗਣੀਜ਼, ਗੰਧਕ ਆਦਿ ਦੀ ਘਾਟ ਪੂਰੀ ਕਰਨਾ। ਸਰਕਲ ਇੰਚਾਰਜ ਡਾ. ਯਾਦਵਿੰਦਰ ਸਿੰਘ ਨੇ ਦੱਸਿਆ ਕਿ ਉਹ ਲਗਾਤਾਰ ਖੇਤਾਂ ਦਾ ਦੌਰਾ ਕਰ ਰਹੇ ਹਨ ਅਤੇ ਉਹਨਾਂ ਨੇ ਕਿਸਾਨਾਂ ਨੂੰ ਲੋੜ ਪੈਣ ਤੇ ਵਿਭਾਗ ਨਾਲ ਸੰਪਰਕ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਸਰਕਲ ਦੇ ਖੇਤੀਬਾੜੀ ਉਪ ਨਿਰੀਖਕ ਸ੍ਰੀ ਸੁਖਦੀਪ ਸਿੰਘ ਅਤੇ ਬਹੁ ਗਿਣਤੀ ਵਿਚ ਕਿਸਾਨ ਹਾਜਰ ਸਨ।