ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫੈਕਲਟੀ ਕਲੱਬ ਵਿਚ ਸ਼ਿਲਪਕਾਰੀ ਮੇਲਾ ਸਫਲਤਾਪੂਰਵਕ ਆਯੋਜਿਤ

ਲੁਧਿਆਣਾ 9 ਅਕਤੂਬਰ 2024 : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫੈਕਲਟੀ ਕਲੱਬ ਵਿਚ ਸ਼ਿਲਪਕਾਰੀ ਮੇਲਾ ਬੜੀ ਸਫਲਤਾ ਦੇ ਨਾਲ ਆਯੋਜਿਤ ਕੀਤਾ ਗਿਆ| ਇਸ ਮੇਲੇ ਵਿਚ ਵੱਡੀ ਗਿਣਤੀ ਵਿਚ ਯੂਨੀਵਰਸਿਟੀ ਦੇ ਅਧਿਆਪਕ, ਕਰਮਚਾਰੀ ਅਤੇ ਵਿਦਿਆਰਥੀ ਸ਼ਾਮਿਲ ਹੋਏ| ਉਦਘਾਟਨੀ ਸਮਾਰੋਹ ਵਿਚ ਯੂਨੀਵਰਸਿਟੀ ਦੇ ਕਮਿਊਨਟੀ ਸਾਇੰਸ ਕਾਲਜ ਦੇ ਡੀਨ ਅਤੇ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਕਿਰਨ ਬੈਂਸ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦਕਿ ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ, ਮਿਲਖ ਅਫਸਰ ਡਾ. ਰਿਸ਼ੀਇੰਦਰਾ ਸਿੰਘ ਗਿੱਲ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ| ਮੇਲੇ ਬਾਬਤ ਜਾਣਕਾਰੀ ਵਧਾਉਂਦਿਆਂ ਫੈਕਲਟੀ ਕਲੱਬ ਦੇ ਪ੍ਰਧਾਨ ਡਾ. ਹਰਮੀਤ ਸਿੰਘ ਕਿੰਗਰਾ ਨੇ ਦੱਸਿਆ ਕਿ ਯੂਨੀਵਰਸਿਟੀ ਤੋਂ ਸਿਖਲਾਈਆਂ ਪ੍ਰਾਪਤ ਕਰ ਆਪਣਾ ਕਾਰੋਬਾਰ ਸਥਾਪਿਤ ਕਰਨ ਵਾਲੇ ਇੰਟਰਪਨਿਊਰ ਦੇ ਤਿਆਰ ਕੀਤੇ ਉਤਪਾਦ ਨੂੰ ਪ੍ਰਦਰਸ਼ਿਤ ਕਰਨ ਲਈ ਇਹ ਮੇਲਾ ਆਯੋਜਿਤ ਕੀਤਾ ਗਿਆ ਹੈ ਅਤੇ ਇਸ ਨਾਲ ਖਪਤਕਾਰਾਂ ਅਤੇ ਉਤਪਾਦਕਾਂ ਦੇ ਵਿਚ ਦੂਰੀ ਨੂੰ ਘਟਾਇਆ ਜਾ ਸਕਿਆ ਹੈ| ਉਹਨਾਂ ਦੱਸਿਆ ਕਿ ਇਸ ਮੇਲੇ ਦੌਰਾਨ 30 ਤੋਂ ਵੱਧ ਸਿਖਿਆਰਥੀਆਂ ਵਾਲੇ ਉਤਪਾਦਕਾਂ ਦੇ ਤਿਆਰ ਪਦਾਰਥ ਪ੍ਰਦਰਸ਼ਤ ਕੀਤੇ ਗਏ| ਡਾ. ਬੈਂਸ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਉਤਪਾਦਕਾਂ ਦਾ ਮਨੋਬਲ ਉੱਚਾ ਚੁੱਕਣ ਦੇ ਲਈ ਅਜਿਹੇ ਉਪਰਾਲੇ ਵਿੱਢਣੇ ਚਾਹੀਦੇ ਹਨ ਅਤੇ ਯੂਨੀਵਰਸਿਟੀ ਦੇ ਫੈਕਲਟੀ ਕਲੱਬ ਦੀ ਕਾਰਜਕਾਰਨੀ ਵੱਲੋਂ ਕੀਤਾ ਇਹ ਉਪਰਾਲਾ ਅਤਿ ਸਲਾਹੁਣਯੋਗ ਹੈ| ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਲਗਾਏ ਸਟਾਲ ਦੀ ਖੂਬ ਸ਼ਲਾਘਾ ਕੀਤੀ| ਉਹਨਾਂ ਕਿਹਾ ਕਿ ਇਹ ਵਿਦਿਆਰਥੀ ਯੁਵਕ ਮੇਲਿਆਂ ਤੋਂ ਸੇਧ ਪ੍ਰਾਪਤ ਕਰਨ ਤੋਂ ਬਾਅਦ ਆਪਣੇ ਵੱਲੋਂ ਤਿਆਰ ਕੀਤੀਆਂ ਹੱਥ ਕ੍ਰਿਤੀਆਂ ਨੂੰ ਲੋਕਾਂ ਤੱਕ ਪਹੁੰਚਾ ਰਹੇ ਹਨ| ਅੰਤ ਵਿਚ ਮੁੱਖ ਪ੍ਰਬੰਧਕ ਡਾ. ਐੱਸ ਕੇ ਸੰਧੂ ਨੇ ਸਭ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਦਿਵਾਲੀ ਤੋਂ ਪਹਿਲਾਂ ਅਜਿਹਾ ਇਕ ਹੋਰ ਮੇਲਾ ਫੈਕਲਟੀ ਕਲੱਬ ਵਿਚ ਆਯੋਜਿਤ ਕੀਤਾ ਜਾਵੇਗਾ|